ਫ਼ਿਰੋਜ਼ਪੁਰ ’ਚ ਫੂਡ ਸੇਫ਼ਟੀ ਵਿਭਾਗ ਦੀ ਵੱਖ-ਵੱਖ ਥਾਵਾਂ ’ਤੇ ਅਚਨਚੇਤ ਚੈਕਿੰਗ
ਫ਼ਿਰੋਜ਼ਪੁਰ, 29 ਅਕਤੂਬਰ (ਕੁਲਬੀਰ ਸਿੰਘ ਸੋਢੀ)-ਤਿਉਹਾਰੀਂ ਸੀਜ਼ਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਫ਼ਿਰੋਜ਼ਪੁਰ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਮਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਤੇ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਸਫ਼ਾਈ, ਭੋਜਨ ਦੀ ਗੁਣਵੱਤਾ ਤੇ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਫ਼ਿਰੋਜ਼ਪੁਰ, 29 ਅਕਤੂਬਰ (ਕੁਲਬੀਰ ਸਿੰਘ ਸੋਢੀ)-ਤਿਉਹਾਰੀਂ ਸੀਜ਼ਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਫ਼ਿਰੋਜ਼ਪੁਰ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਮਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਤੇ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਸਫ਼ਾਈ, ਭੋਜਨ ਦੀ ਗੁਣਵੱਤਾ ਤੇ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਮੁਹਿੰਮ ਤਹਿਤ ਸ਼ਹਿਰ ਦੀ ਮਸ਼ਹੂਰ ‘ਅੰਮ੍ਰਿਤਸਰੀਆਂ ਦੀ ਹੱਟੀ’ ਦੀ ਜਾਂਚ ਦੌਰਾਨ ਡਰਾਈ ਫਰੂਟ ’ਤੇ ਸ਼ੱਕੀ ਰੰਗ ਜਾਂ ਕੋਟਿੰਗ ਹੋਣ ਦਾ ਖ਼ਦਸ਼ਾ ਪੈਦਾ ਹੋਣ ’ਤੇ ਸੰਬੰਧਿਤ ਵਸਤੂ ਦਾ ਸੈਂਪਲ ਭਰ ਕੇ ਲੈਬਾਰਟਰੀ ਜਾਂਚ ਲਈ ਭੇਜਿਆ ਗਿਆ। ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ‘ਅੰਮ੍ਰਿਤਸਰੀਆਂ ਦੀ ਹੱਟੀ’ ਦੀ ਚੈਕਿੰਗ ਦੌਰਾਨ ਦੁਕਾਨ ਵਿਚ ਸਫ਼ਾਈ ਤੇ ਜ਼ਿਆਦਾਤਰ ਖਾਣ-ਪੀਣ ਵਾਲੀਆਂ ਵਸਤਾਂ ਦੀ ਸਥਿਤੀ ਤਸੱਲੀਬਖ਼ਸ਼ ਪਾਈ ਗਈ। ਲਗਪਗ 95 ਫ਼ੀਸਦੀ ਸਮਾਨ ਅਤੇ ਸਫ਼ਾਈ ਦੇ ਪ੍ਰਬੰਧ ਠੀਕ ਪਾਏ ਗਏ, ਜਦਕਿ ਡਰਾਈ ਫਰੂਟ ਦੀ ਜਾਂਚ ਸਮੇਂ ਕੁੱਝ ਵਸਤਾਂ ’ਤੇ ਰੰਗ ਜਾਂ ਕੋਟਿੰਗ ਦੀ ਵਰਤੋਂ ਹੋਣ ਦਾ ਸ਼ੱਕ ਸਾਹਮਣੇ ਆਇਆ। ਵਿਭਾਗ ਨੇ ਸਪੱਸ਼ਟ ਕੀਤਾ ਕਿ ਸੈਂਪਲ ਦੀ ਲੈਬਾਰਟਰੀ ਰਿਪੋਰਟ ਮਿਲਣ ਤੋਂ ਬਾਅਦ ਹੀ ਵਸਤੂ ਦੀ ਅਸਲ ਸਥਿਤੀ ਦਾ ਪਤਾ ਲੱਗੇਗਾ ਅਤੇ ਨਤੀਜਿਆਂ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਦੇਵ ਸਮਾਜ ਕਾਲਜ ਦੇ ਆਲੇ-ਦੁਆਲੇ ਸਥਿਤ ਫਾਸਟ ਫੂਡ ਕਾਰਨਰਾਂ ਦੀ ਵੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਵਿਭਾਗ ਅਨੁਸਾਰ ਇਸ ਇਲਾਕੇ ਵਿਚ ਫਾਸਟ ਫੂਡ ਦੀ ਗੁਣਵੱਤਾ ਤੇ ਇਸ ਨੂੰ ਤਿਆਰ ਕਰਨ ਸਮੇਂ ਵਰਤੇ ਜਾਣ ਵਾਲੇ ਪਦਾਰਥਾਂ ਸੰਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ । ਇਸ ਦੇ ਮੱਦੇਨਜ਼ਰ ਫਾਸਟ ਫੂਡ ਵਿਕੇ੍ਤਾਵਾਂ ਨੂੰ ਭੋਜਨ ਤਿਆਰ ਕਰਨ ਤੇ ਪਰੋਸਣ ਸਮੇਂ ਸਫ਼ਾਈ ਦੇ ਮਿਆਰ ਕਾਇਮ ਰੱਖਣ ਅਤੇ ਸਿਰਫ਼ ਸੁਰੱਖਿਅਤ ਅਤੇ ਮਨਜ਼ੂਰਸ਼ੁਦਾ ਸਮਗ੍ਰੀ ਦੀ ਵਰਤੋਂ ਕਰਨ ਲਈ ਕਿਹਾ। ਵਿਭਾਗ ਨੇ ਹਦਾਇਤ ਕੀਤੀ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿਚ ਗ਼ੈਰ-ਮਨਜ਼ੂਰਸ਼ੁਦਾ ਰੰਗਾਂ, ਹਾਨੀਕਾਰਕ ਰਸਾਇਣਾਂ ਜਾਂ ਅਸੁਰੱਖਿਅਤ ਸਮਗਰੀ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੇ ਨਾਲ ਰਸੋਈਆਂ, ਭਾਂਡਿਆਂ, ਕੰਮ ਕਰਨ ਵਾਲੀਆਂ ਥਾਵਾਂ ਤੇ ਸਟੋਰੇਜ ਵਾਲੇ ਸਥਾਨਾਂ ਦੀ ਸਫ਼ਾਈ ਰੱਖਣ, ਸਾਫ਼ ਪਾਣੀ ਵਰਤਣ, ਕੱਚੇ ਤੇ ਤਿਆਰ ਭੋਜਨ ਨੂੰ ਵੱਖ-ਵੱਖ ਰੱਖਣ ਅਤੇ ਖਾਣ-ਪੀਣ ਦੀਆਂ ਵਸਤਾਂ ਨੂੰ ਧੂੜ, ਮੱਖੀਆਂ ਤੇ ਹੋਰ ਗੰਦਗੀ ਤੋਂ ਬਚਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਫੂਡ ਸੇਫ਼ਟੀ ਵਿਭਾਗ ਨੇ ਡਰਾਈ ਫਰੂਟ ਅਤੇ ਸੁੱਕੇ ਫਲ ਖ਼ਰੀਦਣ ਸਮੇਂ ਵੀ ਖਪਤਕਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਗਿਆ ਕਿ ਕਾਜੂ, ਬਦਾਮ, ਕੀਵੀ, ਚੈਰੀ, ਆਂਵਲੇ ਅਤੇ ਹੋਰ ਸੁੱਕੇ ਜਾਂ ਮਿੱਠੇ ਫਲ ਖ਼ਰੀਦਦੇ ਸਮੇਂ ਉਨ੍ਹਾਂ ਦੇ ਕੁਦਰਤੀ ਰੰਗ ਅਤੇ ਬਣਾਵਟ ਵੱਲ ਧਿਆਨ ਦੇਣ। ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵਸਤੂ ’ਤੇ ਰੰਗ ਜਾਂ ਕੋਟਿੰਗ ਦਿਖਾਈ ਦੇਣ ਨਾਲ ਹੀ ਉਸ ਨੂੰ ਮਿਲਾਵਟੀ ਜਾਂ ਗ਼ੈਰ-ਮਿਆਰੀ ਨਹੀਂ ਕਿਹਾ ਜਾ ਸਕਦਾ। ਇਸ ਸੰਬੰਧੀ ਅੰਤਿਮ ਨਤੀਜਾ ਲੈਬਾਰਟਰੀ ਜਾਂਚ ਅਤੇ ਲਾਗੂ ਫੂਡ ਸੇਫ਼ਟੀ ਮਾਪਦੰਡਾਂ ਦੇ ਆਧਾਰ ’ਤੇ ਹੀ ਕੱਢਿਆ ਜਾਵੇਗਾ