ਫ਼ਿਰੋਜ਼ਪੁਰ, 6 ਮਾਰਚ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਸਾਰੇ ਟਿਕਟ ਚੈਕਿੰਗ ਸਟਾਫ਼ ਵਲੋਂ ਹੁਣ ਯਾਤਰੀਆਂ ਤੋਂ ਭੁਗਤਾਨ ਡਿਜੀਟਲ ਮਾਧਿਅਮ ਰਾਹੀਂ ਲਿਆ ਜਾਵੇਗਾ | ਇਸ ਦੇ ਲਈ ਹੈਂਡ ਹੈਲਡ ਟਰਮੀਨਲ ਨੂੰ ਯੂ.ਪੀ.ਆਈ. ਕਿਊ.ਆਰ.ਕੋਡ ਨਾਲ ਲਿੰਕ ਕਰ ਦਿੱਤਾ ਗਿਆ ਹੈ | ਹੁਣ ਰੇਲ ਯਾਤਰੀ ਟਰੇਨ ਵਿਚ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਕਰਕੇ ਟਿਕਟ ਚੈਕਿੰਗ ਸਟਾਫ਼ ਨੂੰ ਡਿਜੀਟਲ ਭੁਗਤਾਨ ਕਰ ਰਹੇ ਹਨ | ਇਸ ਵਿਵਸਥਾ ਨਾਲ ਯਾਤਰੀਆਂ ਨੂੰ ਛੁੱਟੇ ਪੈਸਿਆਂ ਦੀ ਸਮੱਸਿਆ ਤੋਂ ਨਿਜਾਤ ਮਿਲ ਰਹੀ ਹੈ ਨਾਲ ਹੀ, ਜੇਕਰ ਕਿਸੇ ਯਾਤਰੀ ਕੋਲ ਨਕਦੀ ਉਪਲਬਧ ਨਹੀਂ ਹੈ, ਤਾਂ ਵੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਸਾਰੇ ਲੈਣ-ਦੇਣ ਦਾ ਡਿਜੀਟਲ ਰਿਕਾਰਡ ਸੁਰੱਖਿਅਤ ਰਹੇਗਾ, ਜਿਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਪ੍ਰਣਾਲੀ ਵਧੇਰੇ ਸੁਚਾਰੂ ਹੋਵੇਗੀ | ਮੰਡਲ ਵਿਚ ਲਗਭਗ ਪੌਣੇ ਚਾਰ ਸੌ ਟਿਕਟ ਚੈਕਿੰਗ ਸਟਾਫ਼ ਕੰਮ ਕਰ ਰਿਹਾ ਹੈ ਅਤੇ ਸਾਰਿਆਂ ਨੂੰ ਹੈਂਡ ਹੈਲਡ ਟਰਮੀਨਲ ਮੁਹੱਈਆ ਕਰਵਾ ਦਿੱਤੇ ਗਏ ਹਨ | ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪਹਿਲ ਰੇਲ ਯਾਤਰੀਆਂ ਦੀ ਸਹੂਲਤ ਵਧਾਉਣ ਅਤੇ ਰੇਲ ਸੇਵਾਵਾਂ ਨੂੰ ਵਧੇਰੇ ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ |