ਫ਼ਿਰੋਜ਼ਪੁਰ, 6 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਸ਼ਹਿਰ ਵਿਖੇ 'ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ' ਅਤੇ 'ਤੀਸਰੀ ਅੱਖ ਲਿਟਰੇਰੀ ਸੁਸਾਇਟੀ ਦੇ ਸਹਿਯੋਗ ਨਾਲ 'ਵਿੱਕੀਪੀਡੀਆ ਮੁਫ਼ਤ ਗਿਆਨ ਦਾ ਡਿਜੀਟਲ ਮੰਚ' ਵਿਸ਼ੇ 'ਤੇ ਇਕ ਅਕਾਦਮਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਡਿਜੀਟਲ ਯੁੱਗ ਵਿਚ ਉਪਲਬਧ ਮੁਫ਼ਤ ਗਿਆਨ ਦੇ ਸਰੋਤਾਂ ਨਾਲ ਜਾਣੂ ਕਰਵਾਉਣਾ, ਜਾਣਕਾਰੀ ਦੇ ਸਹੀ ਉਪਯੋਗ ਬਾਰੇ ਸਚੇਤ ਕਰਨਾ ਅਤੇ ਪੰਜਾਬੀ ਭਾਸ਼ਾ ਵਿਚ ਡਿਜੀਟਲ ਸਮਗਰੀ ਦੇ ਵਿਕਾਸ ਲਈ ਉਤਸ਼ਾਹਿਤ ਕਰਨਾ ਸੀ | ਇਸ ਵਰਕਸ਼ਾਪ ਵਿਚ ਪ੍ਰਮੁੱਖ ਵਕਤਾ ਦੇ ਤੌਰ 'ਤੇ ਚਰਨ ਸਿੰਘ ਗਿੱਲ, ਸਤਦੀਪ ਗਿੱਲ, ਨਿਤੇਸ਼ ਗਿੱਲ ਅਤੇ ਕੁਲਦੀਪ ਸਿੰਘ ਆਦਿ ਪੰਜਾਬੀ ਵਿਕੀਮੀਡੀਅਨਜ਼ ਨੇ ਸ਼ਿਰਕਤ ਕੀਤੀ | 'ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ' ਵਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁਲਕਾਰੀ ਅਤੇ ਮੋਮੈਂਟੋ ਭੇਟ ਕੀਤੇ | ਇਸ ਮੌਕੇ ਡਾ. ਪਰਮਵੀਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਲਜ ਹਮੇਸ਼ਾ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਅਤੇ ਗਿਆਨ ਦੇ ਸਰੋਤਾਂ ਨਾਲ ਜੋੜਨ ਲਈ ਪ੍ਰਤੀਬੱਧ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਨਾਲ ਵਿਦਿਆਰਥੀਆਂ ਨੂੰ ਸਿਰਫ਼ ਜਾਣਕਾਰੀ ਹੀ ਨਹੀਂ ਮਿਲਦੀ, ਸਗੋਂ ਉਨ੍ਹਾਂ ਵਿਚ ਖੋਜ ਅਤੇ ਲਿਖਣ ਦੀ ਕਾਬਲੀਅਤ ਵੀ ਵਿਕਸਿਤ ਹੁੰਦੀ ਹੈ | ਇਹ ਵਰਕਸ਼ਾਪ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਵਿਚ ਮੁਫ਼ਤ ਗਿਆਨ ਦੇ ਸਰੋਤਾਂ ਨਾਲ ਜੋੜਨ ਅਤੇ ਪੰਜਾਬੀ ਭਾਸ਼ਾ ਵਿਚ ਡਿਜੀਟਲ ਸਮਗਰੀ ਦੇ ਵਿਸਥਾਰ ਲਈ ਕਰਵਾਈ ਗਈ | ਇਸ ਮੌਕੇ ਪ੍ਰਮੁੱਖ ਵਕਤਾਵਾਂ ਨੇ ਵਰਕਸ਼ਾਪ ਦੌਰਾਨ ਆਪਣੇ ਸੰਬੋਧਨ ਵਿਚ ਵਿਦਿਆਰਥਣਾਂ ਨੂੰ 'ਵਿੱਕੀਪੀਡੀਆ' ਬਾਰੇ ਵਿਸਤਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਵਿੱਕੀਪੀਡੀਆ' ਦੁਨੀਆ ਦਾ ਸਭ ਤੋਂ ਵੱਡਾ ਮੁਫ਼ਤ ਆਨਲਾਈਨ ਵਿਸ਼ਵਕੋਸ਼ ਹੈ ਜਿਸ ਵਿਚ ਹਰ ਕੋਈ ਆਪਣਾ ਯੋਗਦਾਨ ਪਾ ਸਕਦਾ ਹੈ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਪੰਜਾਬੀ ਭਾਸ਼ਾ ਵਿਚ ਗਿਆਨ ਦੀ ਵੱਧ ਤੋਂ ਵੱਧ ਸਮਗਰੀ ਜੋੜਨਾ ਸਮੇਂ ਦੀ ਲੋੜ ਹੈ ਅਤੇ ਇਸ ਕੰਮ ਵਿਚ ਨੌਜਵਾਨ ਪੀੜੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ | ਪ੍ਰਮੁੱਖ ਵਕਤਾਵਾਂ ਨੇ ਪ੍ਰਯੋਗਾਤਮਿਕ ਤਰੀਕੇ ਨਾਲ ਵਿਦਿਆਰਥਣਾਂ ਨੂੰ ਇਹ ਵੀ ਦਿਖਾਇਆ ਕਿ ਵਿੱਕੀਪੀਡੀਆ ਤੇ ਲੇਖ ਕਿਵੇਂ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਕਿਵੇਂ ਸੰਪਾਦਿਤ ਕੀਤਾ ਜਾਂਦਾ ਹੈ ਅਤੇ ਜਾਣਕਾਰੀ ਨੂੰ ਪ੍ਰਮਾਣਿਕ ਸਰੋਤਾਂ ਨਾਲ ਕਿਵੇਂ ਜੋੜਿਆ ਜਾਂਦਾ ਹੈ | ਇਸ ਦੌਰਾਨ ਉਨ੍ਹਾਂ ਨੇ ਡਿਜੀਟਲ ਲਿਖਤ ਦੇ ਨਿਯਮ, ਸਹੀ ਸੰਦਰਭ ਦੇਣ ਅਤੇ ਗਿਆਨ ਨੂੰ ਸਾਂਝਾ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ | ਵਰਕਸ਼ਾਪ ਦੇ ਕੋਆਰਡੀਨੇਟਰ ਅਤੇ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਨਿਸ਼ਾਨ ਸਿੰਘ ਨੇ ਬੜੇ ਸੁਚਾਰੂ ਢੰਗ ਨਾਲ ਨਿਭਾਈ | ਵਰਕਸ਼ਾਪ ਦੌਰਾਨ ਪ੍ਰਮੁੱਖ ਵਕਤਾਵਾਂ ਦਾ ਵਿਦਿਆਰਥਣਾਂ ਨਾਲ ਸੰਵਾਦੀ ਸੈਸ਼ਨ ਵੀ ਕਰਵਾਇਆ ਗਿਆ | ਜਿਸ ਵਿਚ ਉਨ੍ਹਾਂ ਨੇ ਵਿੱਕੀਪੀਡੀਆ ਨਾਲ ਸੰਬੰਧਿਤ ਕਈ ਪ੍ਰਸ਼ਨ ਪੁੱਛੇ ਅਤੇ ਸੰਬੰਧਿਤ ਬੁਲਾਰਿਆਂ ਨੇ ਉਨ੍ਹਾਂ ਦੇ ਸੰਤੋਸ਼ਜਨਕ ਉੱਤਰ ਦਿੱਤੇ | ਇਸ ਨਾਲ ਵਿਦਿਆਰਥਣਾਂ ਵਿਚ ਡਿਜੀਟਲ ਲਿਖਤ ਅਤੇ ਖੋਜ ਪ੍ਰਤੀ ਨਵਾਂ ਉਤਸ਼ਾਹ ਪੈਦਾ ਹੋਇਆ | ਡਾ. ਸੰਗੀਤਾ, ਪਿ੍ੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਆਸ ਪ੍ਰਗਟਾਈ ਗਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਕਾਦਮਿਕ ਅਤੇ ਗਿਆਨ ਵਰਧਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹਿਣਗੀਆਂ, ਤਾਂ ਜੋ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਅਤੇ ਵਿਸ਼ਵ ਪੱਧਰੀ ਗਿਆਨ ਸਰੋਤਾਂ ਨਾਲ ਜੋੜਿਆ ਜਾ ਸਕੇ | ਇਸ ਵਰਕਸ਼ਾਪ ਵਿਚ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਲਗਭਗ 97 ਵਿਦਿਆਰਥਣਾਂ ਨੇ ਹਾਜ਼ਰੀ ਭਰੀ |