ਨਥਾਣਾ, 31 ਦਸੰਬਰ (ਗੁਰਦਰਸ਼ਨ ਲੁੱਧੜ): ਸੰਯੁਕਤ ਕਿਸਾਨ ਮੋਰਚੇ ਵਲੋਂ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਬਲਾਕ ਨਥਾਣਾ ਦੇ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ, ਜੋ ਨਥਾਣਾ ਬੱਸ ਸਟੈਂਡ ਵਿਚ ਰੈਲੀ ਕਰਨ ਉਪਰੰਤ ਪੂਹਲੀ, ਸੇਮਾ, ਗੋਬਿੰਦਪੁਰਾ, ਢੇਲਵਾਂ, ਗੰਗਾ, ਗਿੱਦੜ, ਨਾਥਪੁਰਾ, ਕਲਿਆਣ, ਬੱਜੋਆਣਾ, ਮਾੜੀ, ਭੈਣੀ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਪੂਹਲਾ ਵਿਖੇ ਸਮਾਪਤ ਹੋਇਆ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕੇਂਦਰ ਸਰਕਾਰ ਵਲੋਂ ਬਿਜਲੀ ਐਕਟ 2025 ਰਾਂਹੀ ਸਮੁੱਚੇ ਬਿਜਲੀ ਦੇ ਢਾਂਚੇ ਨੂੰ ਮੁਨਾਫ਼ੇ ਦਾ ਧੰਦਾ ਬਣਾ ਕੇ ਕੌਡੀਆਂ ਦੇ ਭਾਅ 'ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਅਜਿਹਾ ਹੋਣ ਉਪਰੰਤ ਜਿੱਥੇ ਬਿਜਲੀ ਮਹਿੰਗੀ ਹੋ ਕੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਵੇਗੀ, ਉੱਥੇ ਇਨ੍ਹਾਂ ਅਦਾਰਿਆਂ ਵਿਚ ਕੰਮ ਕਰਦੇ ਲੱਖਾਂ ਮੁਲਾਜ਼ਮ ਵੀ ਬੇਰੁਜ਼ਗਾਰ ਹੋਣਗੇ | ਇਸ ਮੌਕੇ ਜਥੇਬੰਦਕ ਬੁਲਾਰਿਆਂ ਨੇ ਦੱਸਿਆ ਕਿ 16 ਜਨਵਰੀ ਨੂੰ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਕਿਸਾਨ ਆਗੂ ਲਖਵੀਰ ਸਿੰਘ, ਡਕੌਂਦਾ ਧੜੇ ਦੇ ਬੂਟਾ ਸਿੰਘ ਤੁੰਗਵਾਲੀ, ਰਾਜਿੰਦਰ ਸਿੰਘ, ਸੁਖਦੇਵ ਸਿੰਘ, ਕੂਕਾ ਸਿੰਘ, ਪੀ.ਐੱਸ.ਯੂ ਰੰਧਾਵਾ ਦੇ ਬਿੱਕਰਜੀਤ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਜਗਰੂਪ ਸਿੰਘ ਅਤੇ ਜਗਦੇਵ ਸਿੰਘ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਸਰਕਾਰ ਦੀਆਂ ਲੋਕ ਮਾਰੂ ਨਿੱਜੀਕਰਨ ਨੀਤੀਆਂ ਵਿਰੁੱਧ 16 ਜਨਵਰੀ ਦੇ ਰੋਸ ਪ੍ਰਦਰਸ਼ਨ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ |