ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮੁੜ ਪੱਕੀ ਉਸਾਰੀ ਮਗਰੋਂ ਵੀ ਰਾਜਸਥਾਨ ਕੈਨਾਲ 6 ਪੁਲਾਂ ਹੇਠੋਂ ਅਜੇ ਵੀ ਕੱਚੀ, ਪਾੜ ਪੈਣ ਦਾ ਖ਼ੌਫ਼

Ad Position 21
No active advertisement
ਅਜੀਤ ਡੈਸਕ 01-01-2026
ਮੰਡੀ ਕਿੱਲਿਆਂਵਾਲੀ, 31 ਦਸੰਬਰ (ਇਕਬਾਲ ਸਿੰਘ ਸ਼ਾਂਤ)-ਰਾਜਸਥਾਨ ਦੀ ਜੀਵਨ ਰੇਖਾ ਤੇ ਮਾਲਵਾ ਖੇਤਰ ਵਿਚ 'ਬੰਦੇ ਖਾਣੀ' ਵਜੋਂ ਜਾਣੀ ਜਾਂਦੀ ਰਾਜਸਥਾਨ ਕੈਨਾਲ ਦੀ ਮੁੜ ਉਸਾਰੀ 'ਤੇ ਕੇਂਦਰ ਸਰਕਾਰ ਵਲੋਂ ਹਜ਼ਾਰਾਂ ਕਰੋੜ ਰੁਪਏ ਖ਼ਰਚਣ ਦੇ ਬਾਵਜੂਦ ਲੰਬੀ ਹਲਕੇ ਦੇ ਲੋਕ ਅਜੇ ਵੀ ਖ਼ੌਫ਼ ਦੇ ਹੇਠ ਜੀਅ ਰਹੇ ਹਨ | ਕੁਝ ਵਰ੍ਹੇ ਪਹਿਲਾਂ ਪਲਾਸਟਿਕ ਪਰਤ ਵਿਛਾ ਕੇ ਸੀਮਿੰਟਡ ਕੀਤੀ ਇਸ ਨਹਿਰ ਦਾ ਕੰਮ ਪੁਲਾਂ ਦੇ ਹੇਠਾਂ ਅਧੂਰਾ ਛੱਡ ਦਿੱਤਾ ਗਿਆ ਹੈ, ਜਿਸ ਕਰਕੇ ਨਹਿਰ ਨਾਲ ਖਹਿੰਦੇ ਪਿੰਡਾਂ ਉਪਰ ਖ਼ਤਰਾ ਮੰਡਰਾ ਰਿਹਾ ਹੈ | ਨਹਿਰ ਦੇ ਨੇੜਲੇ ਰਕਬੇ ਅਤੇ ਕੰਢੇ 'ਤੇ ਪਿੰਡ ਵੜਿੰਗ ਖੇੜਾ, ਮਿੱਡੂਖੇੜਾ, ਘੁਮਿਆਰਾ, ਫੱਤਾਕੇਰਾ, ਵਣਵਾਲਾ ਅਨੂੰਕਾ, ਖੁੱਡੀਆਂ, ਸਹਿਣਾ ਖੇੜਾ, ਕੱਖਾਂਵਾਲੀ ਅਤੇ ਹਾਕੂਵਾਲਾ ਪੈਂਦੇ ਹਨ | ਜਾਣਕਾਰੀ ਮੁਤਾਬਿਕ ਰਾਜਸਥਾਨ ਕੈਨਾਲ ਅਤੇ ਸਰਹਿੰਦ ਫ਼ੀਡਰ ਨੂੰ ਸੇਮ ਤੇ ਪਾਣੀ ਦੀ ਬਰਬਾਦੀ ਤੋਂ ਬਚਾਉਣ ਲਈ ਪੱਕਾ ਕੀਤਾ ਗਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਵੀ.ਆਈ.ਪੀ. ਹਲਕੇ ਲੰਬੀ ਵਿਚ ਸਥਿਤ ਕਰੀਬ 6 ਪੁਲਾਂ ਵਾਲੀ ਜਗ੍ਹਾ ਹੇਠਾ ਨਹਿਰ ਨੂੰ ਪੱਕਾ ਨਹੀਂ ਕੀਤਾ ਗਿਆ | ਪਿੱਛੇ ਜਿਹੇ ਇੱਥੇ ਲਗਪਗ ਸਾਰੇ ਸਟੀਲ ਬਿ੍ਜ ਤਾਂ ਉਸਾਰ ਦਿੱਤੇ ਗਏ, ਪਰ ਇਨ੍ਹਾਂ ਹੇਠਾਂ ਦੋਵੇਂ ਪਾਸੇ ਕਰੀਬ 100-100 ਫ਼ੁੱਟ ਰਕਬਾ ਪੁਰਾਣੀ ਹਾਲਤ 'ਚ ਕੱਚਾ ਛੱਡ ਦਿੱਤਾ ਗਿਆ | ਖੇਤਰ ਵਾਸੀਆਂ ਮੁਤਾਬਕ ਪੁਲਾਂ ਦੇ ਹੇਠਾਂ ਬਚੀ ਕੱਚੀ ਜਗ੍ਹਾ 'ਤੇ ਵੱਡੀ ਗਿਣਤੀ ਚੂਹਿਆਂ ਨੇ ਡੇਰੇ ਲਾਏ ਹੋਏ ਹਨ | ਇਨ੍ਹਾਂ ਚੂਹਿਆਂ ਵਲੋਂ ਬਣਾਈਆਂ ਡੂੰਘੀਆਂ ਖੁੱਡਾਂ ਤੇ ਜਗ੍ਹਾ-ਜਗ੍ਹਾ ਵਧ ਚੁੱਕੀਆਂ ਦਰੱਖ਼ਤਾਂ-ਝਾੜੀਆਂ ਦੀਆਂ ਜੜ੍ਹਾਂ ਕਾਰਨ ਕੱਚੀ ਜਗ੍ਹਾ ਕਮਜ਼ੋਰ ਹੋ ਚੁੱਕੀ ਹੈ, ਜਿਨ੍ਹਾਂ ਕਰਕੇ ਪਾਣੀ ਦੀ ਘਾਰ ਪੈ ਸਕਦੀ ਹੈ ਅਤੇ ਪਾੜ ਪੈਣ ਦਾ ਖਤਰਾ ਹੈ | ਅਜਿਹਾ ਹੋਣ ਦੀ ਸੂਰਤ ਵਿਚ ਪਾਣੀ ਦੇ ਤੇਜ ਵਹਾਅ ਕਰਕੇ ਕੱਚੀਆਂ ਥਾਵਾਂ ਕਿਸੇ ਵੇਲੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀਆਂ ਹਨ | ਮਾਮਲਾ ਛਿਪਦੇ ਵੱਲ ਵਿਗੜਨ 'ਤੇ ਸਰਹਿੰਦ ਫੀਡਰ ਵੀ ਵੱਡੀ ਨਹਿਰ ਦੇ ਤੇਜ਼ ਵਹਾਅ ਪਾਣੀ ਦਾ ਸ਼ਿਕਾਰ ਬਣ ਸਕਦੀ ਹੈ | ਬਣਨ ਤੋਂ ਬਕਾਇਆ ਥਾਵਾਂ ਵਿਚ ਖੁੱਡੀਆਂ ਤੋਂ ਸਹਿਣਾ ਖੇੜਾ ਪੁਲ (ਆਰ.ਡੀ. 439200), ਮਹਿਣਾ ਤੋਂ ਕੱਖਾਂਵਾਲੀ ਪੁਲ (ਆਰ.ਡੀ. 459668), ਕੱਖਾਂਵਾਲੀ ਤੋਂ ਘੁਮਿਆਰਾ ਪੁਲ (ਆਰ.ਡੀ. 465148), ਮਿੱਡੂਖੇੜਾ ਤੋਂ ਹਾਕੂਵਾਲਾ ਪੁਲ (ਆਰ.ਡੀ. 476253), ਘੁਮਿਆਰਾ ਤੋਂ ਫੱਤਾਕੇਰਾ ਪੁਲ (ਆਰ.ਡੀ. 482588) ਅਤੇ ਫੱਤਾਕੇਰਾ ਤੋਂ ਵੜਿੰਗ ਖੇੜਾ ਪੁਲ (ਆਰ.ਡੀ. 485593) ਦੇ ਪੁਲਾਂ ਦੇ ਹੇਠਲਾ ਰਕਬਾ ਸ਼ਾਮਿਲ ਹੈ | ਇਸ ਸੰਬੰਧੀ ਰਾਜਸਥਾਨ ਕੈਨਾਲ ਸਬ-ਡਵੀਜ਼ਨ ਗਿੱਦੜਬਾਹਾ ਦੇ ਐੱਸ.ਡੀ.ਓ. ਨਵਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਨਹਿਰ 'ਤੇ ਬਣੇ ਇਨ੍ਹਾਂ 6 ਪੁਲਾਂ ਦੇ ਹੇਠਾਂ ਲਾਈਨਿੰਗ ਦਾ ਕੰਮ ਅਜੇ ਬਕਾਇਆ ਹੈ, ਜਿਸ ਨੂੰ ਪੂਰਾ ਕਰਨ ਲਈ ਕਰੀਬ 2.70 ਕਰੋੜ ਰੁਪਏ ਦਾ ਐਸਟੀਮੇਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜਿਆ ਹੈ | ਮਨਜ਼ੂਰੀ ਮਿਲਣ 'ਤੇ ਅਪ੍ਰੈਲ 2026 'ਚ ਨਹਿਰ ਬੰਦੀ ਦੌਰਾਨ ਕਾਰਜ ਮੁਕੰਮਲ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਲਾਕ ਨਥਾਣਾ 'ਚ ਕਿਸਾਨ ਮੋਰਚੇ ਦੇ ਸੱਦੇ 'ਤੇ ਕੱਢਿਆ ਮੋਟਰਸਾਈਕਲ ਮਾਰਚ <br/> ਅਗਲੀ ਖ਼ਬਰ ਲੜਕਿਆਂ ਦੀ ਅੰਡਰ-16 ਕਿ੍ਕਟ ਟੀਮ ਲਈ ਟਰਾਇਲ 4 ਜਨਵਰੀ ਨੂੰ
Ad Position 24
No active advertisement