ਤਲਵੰਡੀ ਸਾਬੋ, 31 ਦਸੰਬਰ (ਰਣਜੀਤ ਸਿੰਘ ਰਾਜੂ)- ਸਿੱਖਾਂ ਦੇ ਚੌਥੇ ਤਖਤ,ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਵਜੋਂ ਜਾਂਣੇ ਜਾਂਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਨੂੰ ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਵੱਲੋਂ 'ਪਵਿੱਤਰ ਸ਼ਹਿਰ' ਐਲਾਨੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦਿਖਾਈ ਸਖਤੀ ਦੇ ਚਲਦਿਆਂ ਨਗਰ ਅੰਦਰੋਂ ਤੰਬਾਕੂ,ਮੀਟ/ਆਂਡੇ ਵਾਲਿਆਂ ਨੇ ਆਪਣਾ ਕਾਰੋਬਾਰ ਸਮੇਟਣਾ ਸ਼ੁਰੂ ਕਰ ਦਿੱਤਾ ਹੈ ਜਿਸਦੇ ਚਲਦਿਆਂ ਨਗਰ ਵਾਸੀਆਂ ਨੂੰ ਉਮੀਦ ਬੱਝੀ ਹੈ ਕਿ ਨਵੇਂ ਵਰ੍ਹੇ 'ਚ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਨਗਰ ਅੰਦਰ ਉਕਤ ਵਸਤੂਆਂ ਵਿਕਦੀਆਂ ਨਜ਼ਰ ਨਹੀ ਆਉਣਗੀਆਂ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਗਰ ਨੂੰ 'ਪਵਿੱਤਰ ਸ਼ਹਿਰ' ਐਲਾਨੇ ਜਾਣ ਸਬੰਧੀ ਬੀਤੇ ਦਿਨੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਰੁਖ ਅਪਨਾਉਂਦਾ ਨਜ਼ਰ ਆਇਆ ਹੈ ਤੇ ਇਸੇ ਦੇ ਚਲਦਿਆਂ ਐੱਸ.ਡੀ.ਐੱਮ ਤਲਵੰਡੀ ਸਾਬੋ ਪੰਕਜ ਬਾਂਸਲ ਨੇ ਤੰਬਾਕੂ,ਮੀਟ ਅਤੇ ਆਂਡੇ ਦਾ ਕਾਰੋਬਾਰ ਕਰਦੇ ਦੁਕਾਨਦਾਰਾਂ ਨੂੰ ਜਲਦ ਆਪਣਾ ਕੰਮ ਨਗਰ ਕੌਂਸਲ ਤਲਵੰਡੀ ਸਾਬੋ ਦੀ ਹਦੂਦ ਚੋਂ ਬਾਹਰ ਕੱਢ ਲੈਣ ਦੀ ਅਪੀਲ ਕਰਨ ਦੇ ਨਾਲ ਨਾਲ ਚਿਤਾਵਨੀ ਦਿੱਤੀ ਸੀ ਕਿ ਅਗਰ ਜਲਦ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ |ਉਕਤ ਸਖਤੀ ਦਾ ਹੀ ਅਸਰ ਦੇਖਣ ਨੂੰ ਮਿਲ ਰਿਹੈ ਕਿ ਜਿਸ ਨਗਰ ਅੰਦਰ ਪਹਿਲਾਂ ਮੀਟ ਅਤੇ ਆਂਡਿਆਂ ਦੇ ਨਾਲ ਤੰਬਾਕੂ ਆਮ ਹੀ ਵਿਕਦਾ ਦਿਖਾਈ ਦਿੰਦਾ ਸੀ ਉੱਥੇ ਹੁਣ ਅਜਿਹੀਆਂ ਦੁਕਾਨਾਂ ਜਾਂ ਤਾਂ ਤਬਦੀਲ ਹੋ ਗਈਆਂ ਹਨ ਜਾਂ ਉਹ ਫਿਲਹਾਲ ਬੰਦ ਹਨ |ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਪਾਬੰਦੀਸ਼ੁਦਾ ਐਲਾਨੀਆਂ ਵਸਤਾਂ ਵੇਚਣ ਵਾਲੇ ਹੁਣ ਆਪਣੀ ਦੁਕਾਨਦਾਰੀ ਨਗਰ ਕੌਂਸਲ ਹਦੂਦ ਤੋਂ ਬਾਹਰ ਲੈ ਕੇ ਜਾ ਰਹੇ ਹਨ | ਇੱਥੇ ਇਹ ਵੀ ਜਿਕਰ ਕਰਨਾ ਜ਼ਰੂਰੀ ਹੈ ਕਿ ਤਲਵੰਡੀ ਸਾਬੋ ਨਗਰ ਨੂੰ ਮਰਹੂਮ ਬੇਅੰਤ ਸਿੰਘ ਦੀ ਸਰਕਾਰ ਵੱਲੋਂ ਪਹਿਲਾਂ ਵੀ 'ਪਵਿੱਤਰ' ਐਲਾਨੇ ਜਾਣ ਤੋਂ ਬਾਅਦ ਸ਼ਰਾਬ ਦੇ ਠੇਕੇ ਤਾਂ ਨਗਰ ਕੌਂਸਲ ਦੀ ਹਦੂਦ ਤੋਂ ਬਾਹਰ ਚਲੇ ਗਏ ਸਨ ਪਰ ਉਕਤ ਸਾਰੀਆਂ ਵਸਤਾਂ ਨਗਰ ਚ ਵਿਕਦੀਆਂ ਰਹੀਆਂ |ਹੁਣ ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਪਾਬੰਦੀਸ਼ੁਦਾ ਐਲਾਨੀਆਂ ਵਸਤਾਂ ਦੀਆਂ ਦੁਕਾਨਾਂ ਨਗਰ ਤੋਂ ਬਾਹਰ ਤਬਦੀਲ ਹੋ ਜਾਣ ਕਾਰਣ ਨਗਰ ਦੇ ਸਿੱਖ ਸ਼ਰਧਾਲੂਆਂ ਚ ਖੁਸ਼ੀ ਹੈ ਤੇ ਉਹ ਉਮੀਦ ਪ੍ਰਗਟਾ ਰਹੇ ਹਨ ਕਿ ਨਵੇਂ ਵਰ੍ਹੇ 2026 ਚ ਨਗਰ ਅੰਦਰ ਅਜਿਹੀ ਕੋਈ ਵਸਤੂ ਵਿਕਦੀ ਨਜ਼ਰ ਨਹੀ ਆਵੇਗੀ ਬਸ਼ਰਤੇ ਪ੍ਰਸ਼ਾਸਨ ਆਪਣੇ ਫੈਸਲੇ ਨੂੰ ਦਿ੍ੜਤਾ ਨਾਲ ਲਾਗੂ ਰੱਖੇ |