ਭੁੱਚੋ ਮੰਡੀ, 2 ਜਨਵਰੀ (ਪਰਵਿੰਦਰ ਸਿੰਘ ਜੌੜਾ)- ਰਾਸ਼ਟਰੀ ਅਬੈਕਸ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਸਥਾਨਕ ਸ਼ਹਿਰ ਦਾ ਨਾਂਅ ਰੌਸ਼ਨ ਕਰਨ ਵਾਲੀ ਵਿਦਿਆਰਥਣ ਦੀਵਾਂਸ਼ੀ ਗਰਗ ਸਪੁੱਤਰੀ ਪਿੰਕੂ ਗਰਗ ਨੂੰ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਸ਼ਾਰਪ ਬ੍ਰੇਨਸ ਐਜੂਕੇਸ਼ਨ ਭੁੱਚੋ ਮੰਡੀ ਸੈਂਟਰ ਦੀ ਇੰਚਾਰਜ ਮੈਡਮ ਰੇਖਾ ਸਿੰਘ ਨੇ ਦੱਸਿਆ ਕਿ ਚੈਂਪੀਅਨ ਵਰਲਡ ਚੰਡੀਗੜ੍ਹ ਵਲੋਂ ਕਰਵਾਏ ਗਏ ਨੈਸ਼ਨਲ ਅਬੈਕਸ ਮੁਕਾਬਲੇ ਵਿਚ ਦੇਸ਼ ਭਰ 'ਚੋਂ ਕਰੀਬ 16 ਹਜ਼ਾਰ ਸਕੂਲੀ ਬੱਚਿਆਂ ਨੇ ਭਾਗ ਲਿਆ ਸੀ | ਦੀਵਾਂਸ਼ੀ ਗਰਗ ਨੇ ਇਸ ਮੁਕਾਬਲੇ ਵਿਚ ਆਪਣੀ ਕੈਟਾਗਿਰੀ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ | ਵਿਧਾਇਕ ਮਾ. ਜਗਸੀਰ ਸਿੰਘ ਨੇ ਦੀਵਾਂਸ਼ੀ ਨੂੰ ਇਸ ਜਿੱਤ ਦੀ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਵਧਦਾ ਹੈ | ਉਨ੍ਹਾਂ ਕਿਹਾ ਕਿ ਮੁਕਾਬਲੇ ਦੇ ਯੁੱਗ ਵਿਚ ਅਬੈਕਸ ਪ੍ਰਤੀਯੋਗਤਾ ਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹਨ | ਇਸ ਮੌਕੇ ਦੀਵਾਂਸ਼ੀ ਨੇ ਬਿਨਾਂ ਕਿਸੇ ਕਾਪੀ ਜਾਂ ਕੈਲਕੂਲੇਟਰ ਦੇ ਵੱਡੇ-ਵੱਡੇ ਸੁਆਲ ਚੁਟਕੀਆਂ ਵਿਚ ਹੱਲ ਕਰਕੇ ਵਿਖਾਏ, ਨੂੰ ਦੇਖ ਕੇ ਵਿਧਾਇਕ ਵੀ ਦੰਗ ਰਹਿ ਗਏ |