ਤਲਵੰਡੀ ਸਾਬੋ, 2 ਜਨਵਰੀ (ਰਣਜੀਤ ਸਿੰਘ ਰਾਜੂ): ਜੰਗ-ਏ-ਆਜ਼ਾਦੀ ਦੇ ਮਹਾਂ ਨਾਇਕ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਰਗਾ ਰਾਜ ਦੇਣ ਦੇ ਦਾਅਵੇ ਨਾਲ ਸੂਬੇ ਦੀ ਸੱਤਾ ਤੱਕ ਪਹੁੰਚੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਅਰੇ ਤਾਂ ਇਨਕਲਾਬ ਦੇ ਲਾਉਂਦੀ ਨਹੀ ਥੱਕਦੀ ਪਰ ਇਸ ਸਰਕਾਰ ਵਲੋਂ ਵਾਰ-ਵਾਰ ਪ੍ਰੈੱਸ ਦੀ ਆਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਕੀਤੇ ਜਾ ਰਹੇ ਹਮਲੇ ਦਰਸਾਉਂਦੇ ਹਨ ਕਿ ਸਰਕਾਰ ਦੀ ਕਹਿਣੀ ਤੇ ਕਥਨੀ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ | ਸਿੱਧੂ ਨੇ ਕਿਹਾ ਕਿ 'ਆਪ' ਸਰਕਾਰ ਦੇ ਪਿਛਲੇ ਕਰੀਬ ਪੌਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕਈ ਅਜਿਹੇ ਮੌਕੇ ਆਏ ਜਦੋਂ ਇਸ ਨੇ ਲੋਕ ਹਿਤਾਂ ਦੀ ਗੱਲ ਕਰਨ ਵਾਲੇ ਮੀਡੀਆ ਅਦਾਰਿਆਂ ਜਾਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨਾਲ ਕਈ ਕਿਸਮ ਦੇ ਨਾ ਕੇਵਲ ਵਿਤਕਰੇ ਕੀਤੇ, ਸਗੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ | ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ 'ਚ ਜਿਸ ਤਰ੍ਹਾਂ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਦੇ ਗੰਭੀਰ ਮਸਲੇ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਕਾਰਕੁੰਨਾਂ 'ਤੇ ਮਾਮਲਾ ਦਰਜ਼ ਕੀਤਾ ਗਿਆ ਹੈ | ਉਸ ਤੋਂ ਸਰਕਾਰ ਦੀ ਮਨਸ਼ਾ ਇੱਕ ਵਾਰ ਫਿਰ ਸਪਸ਼ਟ ਹੋ ਗਈ ਹੈ ਕਿ ਉਹ ਨਹੀ ਚਾਹੁੰਦੀ ਕਿ ਪ੍ਰੈੱਸ ਜਾਂ ਕੋਈ ਮੀਡੀਆ ਕਾਰਕੁੰਨ ਉਸ ਦੇ ਤਾਨਾਸ਼ਾਹੀ ਵਾਲੇ ਕੰਮਾਂ ਕਾਰਾਂ 'ਤੇ ਉਂਗਲ ਉਠਾਵੇ | ਸਿੱਧੂ ਨੇ ਕਿਹਾ ਕਿ ਜੇਕਰ ਇਹ ਸਰਕਾਰ ਸ਼ਹੀਦ ਭਗਤ ਸਿੰਘ ਦੇ ਕਿਸੇ ਇੱਕ ਵਿਚਾਰ ਨਾਲ ਵੀ ਸਹਿਮਤੀ ਰੱਖਦੀ ਹੈ ਤਾਂ ਪੱਤਰਕਾਰਾਂ ਖ਼ਿਲਾਫ਼ ਦਰਜ਼ ਮਾਮਲੇ ਨੂੰ ਬਿਨਾਂ ਦੇਰੀ ਰੱਦ ਕਰ ਦੇਵੇ |