ਮਾਨਸਾ, 5 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ 'ਅਮਰੀਕੀ ਸਾਮਰਾਜੀਓ ਹੋਸ਼ 'ਚ ਆਓ ਅਤੇ 'ਰਾਸ਼ਟਰਪਤੀ ਮਾਦੁਰੋ ਅਤੇ ਉਸ ਦੀ ਪਤਨੀ ਨੂੰ ਰਿਹਾਅ ਕਰੋ' ਦੇ ਨਾਅਰੇ ਵੀ ਲਗਾਏ | ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕਦੇ ਆਪਣੇ ਸੰਵਿਧਾਨ ਵਿਚ ਮਨੁੱਖੀ ਅਧਿਕਾਰਾਂ ਦਾ ਝੰਡਾ ਬੁਲੰਦ ਕਰਨ ਵਾਲਾ ਅਮਰੀਕਾ ਲੰਬੇ ਅਰਸੇ ਤੋਂ ਖ਼ੁਦ ਸਾਰੀ ਦੁਨੀਆ ਦੇ ਮਨੁੱਖੀ ਅਧਿਕਾਰਾਂ ਤੇ ਆਜ਼ਾਦੀ ਨੂੰ ਪੈਰਾਂ ਹੇਠ ਦਰੜ ਰਿਹਾ ਹੈ | ਉਨ੍ਹਾਂ ਆਖਿਆ ਕਿ ਆਜ਼ਾਦ ਦੇਸ਼ ਦੀ ਪ੍ਰਭੂਸੱਤਾ ਨੂੰ ਕੁਚਲ ਕੇ ਦਰਅਸਲ ਉਹ ਵੈਨਜ਼ੂਏਲਾ ਦੇ ਵੱਡੇ ਤੇਲ ਭੰਡਾਰਾਂ ਤੇ ਸੋਨੇ ਵਰਗੀ ਕੀਮਤੀ ਧਾਤਾਂ ਅਪਣੇ ਕਬਜ਼ੇ 'ਚ ਲੈਣ ਜਾ ਰਿਹਾ ਹੈ | ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਦੋਸ਼ ਲਗਾਇਆ ਕਿ ਅਮਰੀਕਾ ਪਹਿਲਾਂ ਵੀਅਤਨਾਮ, ਚਿੱਲੀ, ਏਕੁਆਡੋਰ, ਇਰਾਕ, ਸੀਰੀਆ, ਪੁਨਾਮਾ ਅਤੇ ਅਫ਼ਗ਼ਾਨਿਸਤਾਨ 'ਤੇ ਫ਼ੌਜਾਂ ਚਾੜ੍ਹ ਕੇ ਉੱਥੋਂ ਆਪਣੀਆਂ ਕਠਪੁਤਲੀ ਸਰਕਾਰਾਂ ਬਣਾਉਣ ਲਈ ਖੁੱਲ੍ਹੀ ਗੁੰਡਾਗਰਦੀ ਕਰ ਚੁੱਕਿਆ ਹੈ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ ਨੇ ਕਿਹਾ ਕਿ ਮੋਦੀ ਸਰਕਾਰ ਵੀ ਟਰੰਪ ਦੀਆਂ ਰਾਹਾਂ 'ਤੇ ਚੱਲ ਕੇ ਲੋਕ ਦੋਖੀ ਫ਼ੈਸਲੇ ਲੈ ਰਹੀ ਹੈ ਤੇ ਟਰੰਪ ਦੀਆਂ ਮਨੁੱਖ ਵਿਰੋਧੀ ਨੀਤੀਆਂ ਦੀ ਮਦਦ ਕਰ ਰਿਹਾ ਹੈ, ਇਸੇ ਲਈ ਇਹ ਵੈਨਜ਼ੂਏਲਾ ਉੱਤੇ ਟਰੰਪ ਵਲੋਂ ਕੀਤੇ ਇਸ ਹਮਲੇ ਦੀ ਨਿੰਦਾ ਤੱਕ ਕਰਨ ਨੂੰ ਤਿਆਰ ਨਹੀਂ ਹਾਲਾਂਕਿ ਕਦੇ ਗੁੱਟ ਨਿਰਲੇਪ ਲਹਿਰ ਦੇ ਮੋਢੀ ਵਜੋਂ ਭਾਰਤ ਸੰਸਾਰ ਭਰ ਦੇ ਵਿਵਾਦਾਂ ਵਿਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ | ਬੁਲਾਰਿਆਂ ਨੇ ਮੰਗ ਕੀਤੀ ਕਿ ਵੈਨਜ਼ੂਏਲਾ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਤੁਰੰਤ ਰਿਹਾਅ ਕਰਨ ਦੇ ਨਾਲ ਹੀ ਵੈਨਜ਼ੂਏਲਾ 'ਚੋਂ ਅਮਰੀਕੀ ਫ਼ੌਜਾਂ ਬਾਹਰ ਕੱਢੀਆਂ ਜਾਣ | ਇਸ ਮੌਕੇ ਨਛੱਤਰ ਸਿੰਘ ਖੀਵਾ, ਬਲਵਿੰਦਰ ਸਿੰਘ ਘਰਾਂਗਣਾ, ਸੁਰਿੰਦਰ ਸ਼ਰਮਾ, ਹਰਭਗਵਾਨ ਭੀਖੀ, ਗੁਰਸੇਵਕ ਸਿੰਘ, ਇਸਤਰੀ ਆਗੂ ਬਲਵਿੰਦਰ ਕੌਰ ਖਾਰਾ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਹਰਗਿਆਨ ਸਿੰਘ ਢਿੱਲੋਂ, ਮਜ਼ਦੂਰ ਮੁਕਤੀ ਮੋਰਚਾ ਦੇ ਅੰਗਰੇਜ਼ ਸਿੰਘ, ਮੁਲਾਜ਼ਮ ਆਗੂ ਦਿਲਬਾਗ ਸਿੰਘ, ਨਿਰਮਲ ਸਿੰਘ, ਜਸਪਾਲ ਖੋਖਰ, ਹਰਮੀਤ ਸਿੰਘ, ਗੁਰਪ੍ਰਣਾਮ ਦਾਸ, ਅਜੈਬ ਸਿੰਘ ਗੁਰੂ ਆਦਿ ਹਾਜ਼ਰ ਸਨ |