ਬਠਿੰਡਾ, 5 ਜਨਵਰੀ (ਵਲ੍ਹਾਣ): ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਕਾਰਜਕਾਰਨੀ ਨੇ ਉੱਘੇ ਰੰਗਕਰਮੀ ਤੇ ਜਮਹੂਰੀ ਕਰਕੁੰਨ ਬੂਟਾ ਸਿੰਘ ਬਠਿੰਡਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਟੀਚਰਜ਼ ਹੋਮ ਵਿਖੇ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਬੱਗਾ ਸਿੰਘ ਤੇ ਸਹਾਇਕ ਸਕੱਤਰ ਅਵਤਾਰ ਸਿੰਘ ਨੇ ਕਿਹਾ ਕਿ ਬੂਟਾ ਸਿੰਘ ਨੇ ਨੌਕਰੀ ਦੇ ਨਾਲ-ਨਾਲ ਤਾਅ ਉਮਰ ਹੱਕ ਸੱਚ ਤੇ ਇਨਸਾਫ਼ ਲਈ ਹੋਕਾ ਦਿੱਤਾ ਅਤੇ ਸਭਿਆਚਾਰਕ ਮੁਹਾਜ਼ ਤੇ ਆਪਣੀ ਅਹਿਮ ਯੋਗਦਾਨ ਪਾਉਂਦਿਆਂ ਜਮਹੂਰੀ ਲਹਿਰ ਦਾ ਅਹਿਮ ਅੰਗ ਬਣੇ ਰਹੇ | ਜਮਹੂਰੀ ਹੱਕਾਂ ਦੀ ਲਹਿਰ ਵਿਚ ਉਹ ਇੱਕ ਜਾਣੀ ਪਹਿਚਾਣੀ ਸ਼ਖ਼ਸੀਅਤ ਸਨ | ਬੂਟਾ ਸਿੰਘ ਦੇ ਦਿਹਾਂਤ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਘਾਟਾ ਪਿਆ ਹੈ, ਉੱਥੇ ਜਮਹੂਰੀ ਲਹਿਰ ਨੂੰ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ | ਬੀਤੇੇ ਦਿਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ , ਅੰਤਿਮ ਸੰਸਕਾਰ ਡੀਏਵੀ ਕਾਲਜ ਦੇ ਨੇੜੇ ਵਾਲੀ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਨਕਲਾਬੀ ਜਮਹੂਰੀ ਕਾਰਕੁੰਨ, ਟਰੇਡ ਯੂਨੀਅਨ ਆਗੂ, ਪੈਨਸ਼ਨਰਜ਼, ਉਨ੍ਹਾਂ ਦੇ ਪ੍ਰਸੰਸਕ, ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹਾਜ਼ਰ ਹੋਏ | ਉਹ ਆਪਣੇ ਪਿੱਛੇ ਇੱਕ ਬੇਟਾ ਐਡਵੋਕੇਟ ਸੁਦੀਪ ਸਿੰਘ, ਇੱਕ ਬੇਟੀ ਅਤੇ ਪਤਨੀ ਪੁਸ਼ਪ ਲਤਾ ਛੱਡ ਗਏ ਹਨ |