ਭੁੱਚੋ ਮੰਡੀ, 22 ਜਨਵਰੀ (ਬਿੱਕਰ ਸਿੰਘ ਸਿੱਧੂ)-ਕੁੱਝ ਮਹੀਨੇ ਪਹਿਲਾਂ ਭੁੱਚੋ ਮੰਡੀ ਦੀ ਹੱਦ ਬੰਦੀ ਵਿਚ ਵਾਧਾ ਕੀਤਾ ਗਿਆ ਸੀ, ਜਿਸ ਦੌਰਾਨ ਭੁੱਚੋ ਕਲਾਂ ਦਾ ਕੱਸੀ ਤੱਕ ਦਾ ਏਰੀਆ ਮੰਡੀ ਵਿਚ ਰਲਾ ਦਿੱਤਾ ਗਿਆ ਸੀ | ਪੰਚਾਇਤੀ ਚੋਣਾਂ ਸਮੇਂ ਇਸ ਏਰੀਏ ਦੀ ਲਗਭਗ 750 ਦੇ ਕਰੀਬ ਵੋਟ ਵੀ ਪਿੰਡ ਵਿਚੋਂ ਕੱਟ ਦਿੱਤੀ ਗਈ ਪ੍ਰੰਤੂ ਹੁਣ ਚਿੰਤਪੁਰਨੀ ਮੰਦਰ ਦੇ ਸਾਹਮਣੇ ਵਸੀ ਲਾਲ ਸਿੰਘ ਬਸਤੀ ਅਤੇ ਕੁੱਝ ਹੋਰ ਲਗਭਗ 150 ਘਰ ਜਿੰਨ੍ਹਾਂ ਦੀ ਵੋਟ ਲਗਭਗ 400 ਦੇ ਕਰੀਬ ਬਣਦੀ ਹੈ, ਉਨ੍ਹਾਂ ਨੂੰ ਮੰਡੀ ਦੀ ਹੱਦਬੰਦੀ ਵਿਚੋਂ ਵੀ ਬਾਹਰ ਛੱਡ ਦਿੱਤਾ ਗਿਆ, ਜਿਸ ਨੂੰ ਲੈ ਕੇ ਗੁੱਸੇ ਵਿਚ ਆਏ ਇੰਨ੍ਹਾਂ ਘਰਾਂ ਦੇ ਲੋਕਾਂ ਨੇ ਭੁੱਚੋ ਕੈਂਚੀਆਂ ਵਿਖੇ ਧਰਨਾ ਲਗਾਕੇ ਪੰਜਾਬ ਸਰਕਾਰ, ਹਲਕਾ ਵਿਧਾਇਕ, ਨਗਰ ਕੌਂਸਲ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ਼ ਸਾਰਾ ਦਿਨ ਨਆਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਏਰੀਏ ਨੂੰ ਪਹਿਲਾਂ ਵਾਂਗ ਪਿੰਡ ਭੁੱਚੋ ਕਲਾਂ ਵਿਚ ਹੀ ਰੱਖਿਆ ਜਾਵੇ, ਨਹੀਂ ਤਾਂ ਛੱਡ ਦਿੱਤੇ ਗਏ ਘਰਾਂ ਨੂੰ ਵੀ ਮੰਡੀ ਦੀ ਹੱਦ ਵਿਚ ਸ਼ਾਮਲ ਕੀਤਾ ਜਾਵੇ | ਧਰਨਾ ਕਾਰੀਆਂ ਦਾ ਦੋਸ਼ ਹੈ ਕਿ ਇੰਨ੍ਹਾਂ ਘਰਾਂ ਨੂੰ ਇਸ ਲਈ ਬਾਹਰ ਰੱਖ ਦਿੱਤਾ ਗਿਆ ਕਿਉਂਕਿ ਉਥੇ ਰਹਿੰਦੇ ਲੋਕਾਂ ਨੂੰ ਸੀਵਰੇਜ ਸਟਰੀਟ ਲਾਈਟਾਂ ਅਤੇ ਹੋਰ ਬਣਦੀਆਂ ਸਹੂਲਤਾਂ ਦੇਣੀਆਂ ਪੈਣੀਆਂ ਸਨ ਪ੍ਰੰਤੂ ਮਾਰਬਲ ਮਾਰਕੀਟ, ਆਉਟ ਲੈਟ, ਆਦੇਸ਼ ਹਸਪਤਾਲ ਅਤੇ ਦੁਕਾਨਾਂ ਵਾਲਾ ਏਰੀਆ ਜਿੱਥੋਂ ਟੈਕਸ ਰੂਪੀ ਮਲਾਈ ਖਾਣ ਵਾਲਾ ਰਾਹ ਖੁੱਲ੍ਹਦਾ ਹੈ, ਇਸ ਲਈ ਉਨ੍ਹਾਂ ਨੂੰ ਮੰਡੀ ਦੀ ਹੱਦ ਅੰਦਰ ਰੱਖ ਲਿਆ ਗਿਆ ਹੈ | ਲਾਲ ਸਿੰਘ ਬਸਤੀ ਵਿਚ ਰਹਿੰਦੇ ਬਾਜ਼ੀਗਰ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਪਹਿਲਾਂ ਪੰਚਾਇਤੀ ਚੋਣਾਂ ਸਮੇਂ ਸਾਡੀਆਂ ਵੋਟਾਂ ਪਿੰਡ ਵਿਚੋਂ ਇਹ ਕਹਿ ਕੇ ਕੱਟ ਦਿੱਤੀਆਂ ਗਈਆਂ ਕਿ ਤੁਹਾਡੀਆਂ ਵੋਟਾਂ ਮੰਡੀ ਵਿਚ ਬਣਾਈ ਜਾਣਗੀਆਂ ਪ੍ਰੰਤੂ ਹੁਣ ਸਾਨੂੰ ਮੰਡੀ ਦੀ ਹੱਦ ਬੰਦੀ ਵਿਚੋਂ ਵੀ ਬਾਹਰ ਕੱਢ ਦਿੱਤਾ ਗਿਆ | ਅਸੀਂ ਕਿਸੇ ਕੰਮ ਦੇ ਸਬੰਧ ਵਿਚ ਪੰਚਾਇਤ ਕੋਲ ਜਾਂਦੇ ਹਾਂ ਤਾਂ ਉਹ ਕਹਿ ਦਿੰਦੇ ਹਨ ਕਿ ਤੁਸੀਂ ਆਪਣੇ ਮਸਲੇ ਨਗਰ ਕੌਂਸਲ ਵਿਖੇ ਲੈ ਕੇ ਜਾਓ ਜੇ ਅਸੀਂ ਨਗਰ ਕੌਂਸਲ ਜਾਂਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਤੁਸੀ ਪੰਚਾਇਤ ਕੋਲ ਜਾਓ | ਹੁਣ ਪ੍ਰਸ਼ਾਸਨ ਤੋਂ ਸਾਡੀ ਮੰਗ ਹੈ ਕਿ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ | ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਸਾਰੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ | ਖ਼ਬਰ ਲਿਖੇ ਜਾਣ ਤੱਕ ਬੀ ਡੀ ਪੀ ਓ ਨਥਾਣਾ ਨੂੰ ਛੱਡ ਕੇ ਹੋਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਧਰਨਾ ਕਰੀਆਂ ਦੀ ਸਮੱਸਿਆ ਸੁਣਨ ਲਈ ਨਹੀਂ ਪਹੁੰਚਿਆ | ਇਸ ਮੌਕੇ ਕਾਂਗਰਸ ਦੇ ਬਾਲਕ ਪ੍ਰਧਾਨ ਐਸ. ਸੀ. ਵਿੰਗ ਪਰਗਟ ਸਿੰਘ ਤੁੰਗਵਾਲੀ ਅਤੇ ਮੰਡਲ ਪ੍ਰਧਾਨ ਪਰਿੰਦਰ ਪੈਵੀ, ਬਿੱਲੂ ਸਿੰਘ, ਤਰਸੇਮ ਸਿੰਘ, ਗੁਰਚਰਨ ਸਿੰਘ, ਸੁਰਜੀਤ ਸਿੰਘ, ਮੇਵਾ ਸਿੰਘ, ਬਲਵੀਰ ਸਿੰਘ, ਮੁਲਖਾ ਸਿੰਘ, ਕਾਲਾ ਸਿੰਘ, ਪੱਪੂ ਸਿੰਘ, ਦੇਸਰਾਜ ਸਿੰਘ, ਮਾਟਾ ਸਿੰਘ ਤੋਂ ਇਲਾਵਾ ਬੀਬੀਆਂ ਵੀ ਹਾਜ਼ਰ ਸਨ |