ਰਾਮਪੁਰਾ ਫੂਲ, 23 ਜਨਵਰੀ (ਹੇਮੰਤ ਕੁਮਾਰ ਸ਼ਰਮਾ)-ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਕਵਨਵੀਰ ਕੌਰ ਢਿੱਲੋਂ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਜੋ ਮਹਾਂਰਾਸ਼ਟਰ ਦੇ ਸ਼ਹਿਰ ਸੰਭਾਜੀਨਗਰ ਵਿਖੇ ਪਿਛਲੇ ਦਿਨੀਂ ਸਮਾਪਤ ਹੋਈਆਂ ਵਿਚ ਪੰਜਾਬ ਦੀ ਪ੍ਰਤੀਨਿੱਧਤਾ ਕਰਦੇ ਹੋਏ ਤਲਵਾਰਬਾਜ਼ੀ ਵਿਚ ਭਾਗ ਲਿਆ | ਇਹ ਖੇਡਾਂ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈਆਂ ਗਈਆਂ | ਸਕੂਲ ਦੇ ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਅੰਡਰ-14 ਗਰੁੱਪ ਵਿਚ ਭਾਗ ਲੈ ਕੇ ਵਾਪਸ ਆਈ ਕਵਨਵੀਰ ਕੌਰ ਨੂੰ ਮੁਬਾਰਕਾਂ ਦਿੱਤੀਆਂ | ਉਸ ਦਾ ਹੌਂਸਲਾ ਵਧਾਉਂਦਿਆ ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਕਿਹਾ ਕਿ ਸਾਨੂੰ ਸਾਡੇ ਸਕੂਲ ਦੀ ਇਸ ਵਿਦਿਆਰਥਣ ਤੇ ਮਾਣ ਹੈ ਜਿਸ ਨੇ ਸਕੂਲ, ਮਾਪਿਆਂ, ਅਧਿਆਪਕਾਂ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਨੇ ਆਪਣੀ ਇਸ ਹੋਣਹਾਰ ਵਿਦਿਆਰਥਣ ਨੂੰ ਹੋਰ ਮਿਹਨਤ ਕਰਕੇ ਭਵਿੱਖ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਆਪਣੇ ਸਕੂਲ ਦੀ ਵਿਦਿਆਰਥਣ ਨੂੰ ਛੋਟੀ ਉਮਰ ਵਿਚ ਨੈਸ਼ਨਲ ਖੇਡਾਂ ਵਿਚ ਪੰਜਾਬ ਲਈ ਖੇਡਣਾ ਬੜਾ ਮਾਣਮੱਤਾ ਦੱਸਿਆ | ਸਕੂਲ ਮੈਨੇਜਮੈਂਟ ਵਲੋਂ ਕੋਆਰਡੀਨੇਟਰ ਪ੍ਰੇਮ ਲਤਾ, ਅੰਜੂ ਤੇ ਖੇਡਾਂ ਦੇ ਮਾਹਿਰ ਅਧਿਆਪਕਾਂ ਪਰਮਿੰਦਰ ਸਿੰਘ, ਗੁਰਪਿੰਦਰ ਸਿੰਘ, ਅਮਨਦੀਪ ਕੌਰ ਤੇ ਜੋਤੀ ਨੂੰ ਮੁਬਾਰਕਾਂ ਦਿੱਤੀਆਂ |