ਬਠਿੰਡਾ, 27 ਜਨਵਰੀ (ਸੱਤਪਾਲ ਸਿੰਘ ਸਿਵੀਆਂ)-77ਵਾਂ ਗਣਤੰਤਰ ਦਿਵਸ ਮਨਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਣਗੌਲਿਆ ਕਰਨ ਦੇ ਦੋਸ਼ ਲਗਾਉਂਦੇ ਹੋਏ ਸੁਤੰਤਰਤਾ ਸੈਨਾਨੀਆਂ ਵਲੋਂ ਬਾਈਕਾਟ ਕਰ ਦਿੱਤਾ ਗਿਆ | ਉਨ੍ਹਾਂ ਸਮਾਗਮ ਤੋਂ ਬਾਹਰ ਆ ਕੇ ਇੱਥੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਆਏ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ |ਸੁਤੰਤਰਤਾ ਸੈਨਾਨੀਆਂ ਦੇ ਆਗੂ ਸੁਖਚੈਨ ਸਿੰਘ, ਮਨਜੀਤ ਸਿੰਘ ਤੇ ਨਿਰਮਲ ਸਿੰਘ ਆਦਿ ਨੇ ਕਿਹਾ ਕਿ ਇਸ ਪਾਸੇ ਪੰਜਾਬ ਸਰਕਾਰ ਦੇਸ਼ ਦੇ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰਨ ਮਾਣ-ਸਨਮਾਨ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ | ਦੂਜੇ ਪਾਸੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਲਗਾਤਾਰ ਅਣੇਦੇਖੇ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਦਾ ਹੱਲ ਕਰਨ ਲਈ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਲ ਭਰ ਅੰਦਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਿਤ ਮੁੱਖ ਤੌਰ 'ਤੇ 15 ਅਗਸਤ ਅਤੇ 26 ਜਨਵਰੀ ਦਾ ਦਿਹਾੜਾ ਆਉਂਦਾ ਹੈ, ਪਰ ਉਸ ਦਿਨ ਵੀ ਉਨ੍ਹਾਂ ਨੂੰ ਅਣਗੌਲੇ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਸਮੁੱਚੇ ਸੁਤੰਤਰਤਾ ਸੈਨਾਨੀਆਂ ਵਿਚ ਪੰਜਾਬ ਸਰਕਾਰ ਪ੍ਰਤੀ ਗ਼ੁੱਸੇ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ 'ਚ ਗਣਤੰਤਰ ਦਿਵਸ ਮਨਾਉਣ ਸੰਬੰਧੀ ਹੋਏ ਸਰਕਾਰੀ ਸਮਾਗਮਾਂ ਦਾ ਉਨ੍ਹਾਂ ਦੀ ਜਥੇਬੰਦੀ ਨੇ ਇਸੇ ਰੋਸ ਵਜੋਂ ਬਾਈਕਾਟ ਕੀਤਾ ਹੈ ਤੇ ਸਰਕਾਰ ਤੋਂ ਕੋਈ ਮਾਣ-ਸਨਮਾਨ ਹਾਸਲ ਨਹੀਂ ਕੀਤਾ | ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਨੂੰ ਹੋਰ ਤੇਜ ਕਰਨਗੇ |