ਬਠਿੰਡਾ, 1 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਇਕ ਵਕੀਲ ਵਲੋਂ ਇਥੋਂ ਦੇ ਅਦਾਲਤੀ ਕੰਪਲੈਕਸ ਵਿਚ ਬਣੀ ਕਾਰ ਪਾਰਕਿੰਗ ਦੇ ਕਰਮਚਾਰੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਜਨਤਕ ਹੋਈ ਹੈ | ਇਸ ਵੀਡੀਓ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਨੇ ਸੰਬੰਧਿਤ ਵਕੀਲ ਨੂੰ ਬਾਰ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਹੈ | ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਬੀਤੀ 14 ਜਨਵਰੀ ਨੂੰ ਵਕੀਲ ਹੇਮ ਰਾਜ ਗਰਗ ਨੇ ਅਦਾਲਤੀ ਕੰਪਲੈਕਸ ਦੇ ਅੰਦਰ ਆਪਣੇ ਸਕੂਟਰ 'ਤੇ ਦਾਖਲ ਹੋਣ ਸਮੇਂ ਕਾਰ ਪਾਰਕਿੰਗ ਦੇ ਇਕ ਕਰਮਚਾਰੀ ਨਾਲ ਖਹਿਬੜਦਿਆਂ ਤੈਸ਼ ਵਿਚ ਆ ਕੇ ਉਸ ਦੀ ਨਾਜਾਇਜ਼ ਤੌਰ 'ਤੇ ਕੁੱਟਮਾਰ ਕੀਤੀ ਸੀ ਤੇ ਇਸ ਸਾਰੇ ਘਟਨਾਕ੍ਰਮ ਦੀ ਇਕ ਵੀਡੀਓ ਵੀ ਜਨਤਕ ਹੋਈ ਹੈ, ਜਿਸ ਕਾਰਨ ਸਮੁੱਚੇ ਵਕੀਲ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਜਨਤਕ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ ਉਕਤ ਵਕੀਲ ਨੂੰ ਜਵਾਬਦੇਹੀ ਲਈ ਐਸੋਸੀਏਸ਼ਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਪਰ ਉਹ ਕੋਈ ਤਲੱਸੀਬਖਸ਼ ਜਵਾਬ ਨਹੀਂ ਦੇ ਸਕਿਆ ਤੇ ਉਸ ਦਾ ਐਸੋਸੀਏਸ਼ਨ ਨਾਲ ਵਰਤਾਓ ਵੀ ਠੀਕ ਨਹੀਂ ਰਿਹਾ | ਪ੍ਰਧਾਨ ਨੇ ਕਿਹਾ ਕਿ ਇਸ ਤੋਂ ਇਲਾਵਾ ਉਸ ਦੇ ਨਾਲ ਜੁੜੇ ਅਜਿਹੇ ਕਈ ਹੋਰ ਮਾਮਲੇ ਵੀ ਐਸੋਸੀਏਸ਼ਨ ਦੇ ਸਾਹਮਣੇ ਆਏ ਤੇ ਸਾਲ 2019 'ਚ ਵੀ ਉਸ ਦੀ ਮੈਂਬਰਸ਼ਿਪ ਖ਼ਾਰਜ ਕੀਤੀ ਗਈ ਸੀ ਪਰ ਇਨ੍ਹਾਂ ਦੇ ਸੁਭਾਅ 'ਚ ਕੋਈ ਤਬਦੀਲੀ ਨਹੀਂ ਆਈ, ਜਿਸ ਸਬੰਧੀ ਐਸੋਸੀਏਸ਼ਨ ਦਾ ਜਨਰਲ ਹਾਊਸ ਸੱਦਿਆ ਗਿਆ ਤੇ ਇਸ ਦੌਰਾਨ ਪਾਸ ਕੀਤੇ ਗਏ ਮਤੇ ਤੋਂ ਬਾਅਦ ਵਕੀਲ ਹੇਮ ਰਾਜ ਗਰਗ ਦੀ ਐਸੋਸੀਏਸ਼ਨ ਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰ ਦਿੱਤੀ ਗਈ ਹੈ | ਇਸ ਮੌਕੇ ਐਸੋਸੀਏਸ਼ਨ ਦੇ ਉੱਪ-ਪ੍ਰਧਾਨ ਗੁਲਸ਼ਨਦੀਪ ਸਿੰਘ ਸਿੱਧੂ, ਸਕੱਤਰ ਕੁਲਦੀਪ ਸਿੰਘ ਜੀਦਾ, ਜੁਆਇੰਟ ਸਕੱਤਰ ਵਿਕਾਸ ਫੁਟੇਲਾ, ਖ਼ਜ਼ਾਨਚੀ ਉਮਾ ਗਿਰੀ ਸਮੇਤ ਵੱਡੀ ਗਿਣਤੀ 'ਚ ਵਕੀਲ ਮੌਜੂਦ ਸਨ |
ਵਕੀਲ ਵਲੋਂ ਅਦਾਲਤੀ ਕਾਰ ਪਾਰਕਿੰਗ ਦੇ ਕਰਮਚਾਰੀ ਦੀ ਕੁੱਟਮਾਰ, ਵੀਡੀਓ ਹੋਈ ਜਨਤਕ
ਅਜੀਤ ਡੈਸਕ
02-02-2026