ਤਪਾ ਮੰਡੀ, 5 ਫਰਵਰੀ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖ਼ਾਨ ਨੇ ਦੱਸਿਆ ਕਿ ਦੌਰਾਨੇ ਗਸ਼ਤ ਪੁਲਿਸ ਪਾਰਟੀ ਨੂੰ ਲਿੰਕ ਰੋਡ ਘੁੰਨਸ 'ਤੇ ਪੈਂਦੇ ਮੋੜ ਨੇੜੇ ਬੋਹੜ ਦੇ ਦਰੱਖਤ ਕੋਲ ਦੋ ਨੌਜਵਾਨ ਵਿਅਕਤੀ ਬੈਠੇ ਦਿਖਾਈ ਦਿੱਤੇ, ਜੋ ਇਕ ਲਿਫ਼ਾਫ਼ਾ ਦੀ ਫਰੋਲਾ ਫਰਾਲੀ ਕਰ ਰਹੇ ਸੀ, ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਦੀ ਸ਼ੱਕ ਦੇ ਆਧਾਰ 'ਤੇ ਮੌਕੇ ਤੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 67 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਉਕਤ ਵਿਅਕਤੀਆਂ ਨੇ ਪਹਿਚਾਣ ਵਜੋਂ ਆਪਣਾ ਨਾਂਅ ਆਕਾਸ਼ਦੀਪ ਸਿੰਘ ਉਰਫ਼ ਜੈਕੀ ਪੁੱਤਰ ਕੇਵਲ ਸਿੰਘ ਉਰਫ਼ ਕਾਲੂ ਵਾਸੀ ਬਾਜ਼ੀਗਰ ਬਸਤੀ, ਤਪਾ ਅਤੇ ਮੰਗਤ ਸਿੰਘ ਉਰਫ਼ ਮੰਗਾ ਪੁੱਤਰ ਝੰਡਾ ਸਿੰਘ ਵਾਸੀ ਆਨੰਦਪੁਰ ਬਸਤੀ ਤਪਾ ਦੱਸਿਆ | ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |