ਭੁੱਚੋ ਮੰਡੀ, 20 ਫਰਵਰੀ (ਪਰਵਿੰਦਰ ਸਿੰਘ ਜੌੜਾ)- ਪੀ. ਡਬਲਿਊ. ਡੀ. ਅਤੇ ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਸ਼ਾਖਾ ਸੀਵਰੇਜ ਬੋਰਡ ਵਲੋਂ ਸ਼ਾਖਾ ਪ੍ਰਧਾਨ ਦਰਸ਼ਨ ਸ਼ਰਮਾ ਦੀ ਅਗਵਾਈ ਵਿਚ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਪ੍ਰਧਾਨ ਖ਼ਿਲਾਫ਼ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਰੈਲੀ ਕੀਤੀ ਗਈ, ਵਿਚ ਦਰਜਾ ਚਾਰ ਸਫ਼ਾਈ ਸੇਵਕ ਯੂਨੀਅਨ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ | ਇਸ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੱਢਦਿਆਂ ਵੀ ਕੌਂਸਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਬਲਰਾਜ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ, ਪਸਸਫ ਦੇ ਸੀਨੀਅਰ ਆਗੂ ਕਿਸ਼ੋਰ ਚੰਦ, ਸੁਖਚੈਨ ਸਿੰਘ ਬਠਿੰਡਾ, ਪਰਮਜੀਤ ਸ਼ਰਮਾ, ਅਮਨਦੀਪ ਸਿੰਘ, ਗੁਰਜੰਟ ਮਾਨ, ਸਫ਼ਾਈ ਸੇਵਕ ਯੂਨੀਅਨ ਦੇ ਪੱਪੂ ਰਾਮ, ਅਮਨਦੀਪ ਬਠਿੰਡਾ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਹਰਮੇਲਜੋਤ ਸਿੰਘ, ਗੁਰਪਾਲ ਸਿੰਘ ਅਤੇ ਕੁਲਦੀਪ ਕੁਮਾਰ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਪ੍ਰਬੰਧਕਾਂ ਵਲੋਂ ਕੰਟਰੈਕਟ ਦੇ ਫ਼ੀਲਡ ਕਰਮਚਾਰੀਆਂ ਦੀਆਂ ਪਿਛਲੇ 10 ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ 3 ਸਾਲਾਂ ਦਾ ਈ. ਪੀ. ਐਫ. ਨਹੀਂ ਜਮ੍ਹਾ ਕਰਵਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ 10 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਰ ਬਸਰ ਕਰਨਾ ਦੁੱਭਰ ਹੋਇਆ ਪਿਆ ਹੈ, ਪ੍ਰੰਤੂ ਕੌਂਸਲ ਪ੍ਰਬੰਧਕਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਬੰਧਕਾਂ ਨੇ ਪਿਛਲੀਆਂ ਮੀਟਿੰਗਾਂ ਦੌਰਾਨ ਭਰੋਸਾ ਦਿਵਾਇਆ ਸੀ ਕਿ ਕੌਂਸਲ ਦੀਆਂ ਦੁਕਾਨਾਂ ਵੇਚ ਕੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਦਿੱਤੀਆਂ ਜਾਣਗੀਆਂ ਪ੍ਰੰਤੂ ਦੁਕਾਨਾਂ ਦੀ ਨਿਲਾਮੀ ਹੋਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਧੇਲੀ ਤੱਕ ਨਹੀਂ ਦਿੱਤੀ ਗਈ ਅਤੇ ਪ੍ਰਾਪਤ ਰਾਸ਼ੀ ਨੂੰ ਕਿਸੇ ਹੋਰ ਮੰਤਵ ਲਈ ਵਰਤਿਆ ਜਾ ਰਿਹਾ ਹੈ | ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕੌਂਸਲ ਪ੍ਰਬੰਧਕਾਂ ਵਲੋਂ ਆਪਣੇ ਚਹੇਤੇ ਕੁਝ ਕਲਰਕਾਂ ਦੀਆਂ 7 ਮਹੀਨਿਆਂ ਦੀਆਂ ਤਨਖ਼ਾਹਾਂ ਪਾ ਦਿੱਤੀਆਂ ਗਈਆਂ ਹਨ |