ਬਠਿੰਡਾ, 23 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਵਕਾਲਤ ਨਾਲ ਜੁੜੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਵਕੀਲ ਪੰਜ ਦਿਨਾਂ 'ਤੇ ਹੜਤਾਲ 'ਤੇ ਹਨ, ਜਿਸ ਕਾਰਨ ਅੱਜ ਹੜਤਾਲ ਦੇ ਪਹਿਲੇ ਦਿਨ ਸੂਬੇ ਭਰ ਦੀਆਂ ਅਦਾਲਤਾਂ ਵਿਚ ਕੇਸਾਂ ਦੀ ਸੁਣਵਾਈ ਆਦਿ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ ਤੇ ਆਪਣੀ ਸੁਣਵਾਈ ਵਗੈਰਾ ਲਈ ਪੁੱਜੇ ਲੋਕਾਂ ਨੂੰ ਅਦਾਲਤਾਂ 'ਚੋਂ ਬੇਰੰਗ ਮੁੜਨਾ ਪਿਆ | ਬਠਿੰਡਾ ਦੇ ਅਦਾਲਤੀ ਕੰਪਲੈਕਸ ਸਮੇਤ ਜ਼ਿਲੇ੍ਹ ਭਰ ਦੀਆਂ ਕਚਹਿਰੀਆਂ ਵਿਚ ਵੀ ਸੁੰਨ ਪੱਸਰੀ ਰਹੀ ਤੇ ਅਦਾਲਤਾਂ ਵਿਚ ਕਿਸੇ ਤਰਾਂ ਦੇ ਕੇਸ ਦੀ ਸੁਣਵਾਈ ਵਗੈਰਾ ਨਹੀਂ ਹੋ ਸਕੀ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਅਦਾਲਤਾਂ ਲਗਾਉਣ ਦੀ ਨਵੀਂ ਸ਼ੁਰੂ ਕੀਤੀ ਜਾ ਰਹੀ ਸਕੀਮ, ਅਦਾਲਤਾਂ ਉਪਰ ਫ਼ੈਸਲੇ ਕਰਨ ਦੀ ਥੋਪੀ ਜਾ ਰਹੀ ਗਿਣਤੀ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਦੇ ਵਿਰੋਧ ਵਿਚ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ 23 ਫਰਵਰੀ ਤੋਂ 27 ਫਰਵਰੀ ਤੱਕ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਅੱਜ ਪਹਿਲੇ ਦਿਨ ਪੰਜਾਬ ਭਰ 'ਚ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ | ਉਨ੍ਹਾਂ ਕਿਹਾ ਕਿ ਇਸ ਦੌਰਾਨ ਸਮੂਹ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਵਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਤੇ ਉਨ੍ਹਾਂ ਉਕਤ ਮਸਲਿਆਂ ਦਾ ਛੇਤੀ ਨਿਪਟਾਰਾ ਕਰਨ ਦਾ ਭਰੋਸਾ ਦਿੰਦੇ ਹੋਏ ਹੜਤਾਲ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਪਰ ਕਮੇਟੀ ਨੇ ਇਸ ਸਬੰਧੀ ਲਿਖਤ ਪੱਤਰ ਮਿਲਣ ਤੱਕ ਹੜਤਾਲ ਜਾਰੀ ਰੱਖਣ ਦੀ ਗੱਲ ਆਖੀ, ਜਿਸ ਦੇ ਚੱਲਦਿਆਂ ਕਮੇਟੀ ਨੇ ਹੜਤਾਲ ਨੂੰ 27 ਫਰਵਰੀ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਉਕਤ ਮਸਲਿਆਂ ਸਬੰਧੀ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਉਂਦਾ ਹੈ ਤਾਂ ਹੜਤਾਲ ਨੂੰ ਅਣਮਿਥੇ ਸਮੇਂ ਵਿਚ ਵੀ ਤਬਦੀਲ ਕੀਤਾ ਜਾ ਸਕਦਾ ਹੈ |