ਬਠਿੰਡਾ, 23 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੀ.ਐਫ.ਜੀ.ਆਈ. ਦੇ ਵੱਖ-ਵੱਖ ਸਟੂਡੈਂਟ ਵੈਲਫੇਅਰ ਸੈੱਲਾਂ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ 'ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਬੀ.ਐਫ.ਜੀ.ਆਈ. ਦੇ ਹਰੇਕ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਉਨ੍ਹਾਂ ਨੇ ਮਾਤ ਭਾਸ਼ਾਵਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ, ਸੱਭਿਆਚਾਰਕ ਪਛਾਣ ਅਤੇ ਮਜ਼ਬੂਤ ਭਾਈਚਾਰਿਆਂ ਦੇ ਨਿਰਮਾਣ ਵਿਚ ਭਾਸ਼ਾ ਦੀ ਭੂਮਿਕਾ ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਜੱਜਾਂ ਵਲੋਂ ਭਾਸ਼ਣ ਦੀ ਸਮੱਗਰੀ, ਵਿਸ਼ਵਾਸ, ਉਚਾਰਣ ਅਤੇ ਸਮੁੱਚੀ ਪੇਸ਼ਕਾਰੀ ਦੇ ਆਧਾਰ 'ਤੇ ਭਾਗੀਦਾਰਾਂ ਦਾ ਮੁਲਾਂਕਣ ਕੀਤਾ ਗਿਆ | ਮੁਕਾਬਲਿਆਂ ਦੇ ਅੰਤ ਵਿਚ ਹਰੇਕ ਸਕੂਲ ਵਿੱਚੋਂ ਪਹਿਲੇ ਅਤੇ ਦੂਜੇ ਸਥਾਨ ਹਾਸਲ ਕਰਨ ਵਾਲਿਆਂ ਦੀ ਚੋਣ ਕੀਤੀ ਗਈ | ਇਸ ਤੋਂ ਇਲਾਵਾ, ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਬਾਬਾ ਫ਼ਰੀਦ ਕਾਲਜ ਦੇ ਸਾਹਿਤ ਕਲੱਬ ਵਲੋਂ ਬੀ.ਐਫ.ਜੀ.ਆਈ. ਪੱਧਰੀ ਭਾਸ਼ਣ ਮੁਕਾਬਲਾ ਵੀ ਹੋਇਆ | ਕਿਰਪਾਲ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਾਤ ਭਾਸ਼ਾ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਘੋਸ਼ਿਤ ਨਤੀਜਿਆਂ ਅਨੁਸਾਰ ਬੀ.ਏ. ਬੀ.ਐਡ. ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਪਹਿਲਾ ਸਥਾਨ, ਬੀ.ਏ. ਦੀ ਵਿਦਿਆਰਥਣ ਸਾਕਸ਼ੀ ਨੇ ਦੂਜਾ ਸਥਾਨ ਅਤੇ ਬੀ.ਸੀ.ਏ. ਦੀ ਵਿਦਿਆਰਥਣ ਮੁਸਕਾਨ ਨੇ ਤੀਜਾ ਸਥਾਨ ਹਾਸਲ ਕੀਤਾ | ਮੁੱਖ ਮਹਿਮਾਨ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸਮਾਗਮ ਦੇ ਆਯੋਜਕਾਂ ਵਲੋਂ ਕਿਰਪਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ |