ਨਥਾਣਾ, 23 ਫਰਵਰੀ (ਗੁਰਦਰਸ਼ਨ ਲੁੱਧੜ): ਸਬ ਤਹਿਸੀਲ ਨਥਾਣਾ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਇਕਾਈ ਵਲੋਂ ਇੱਕ ਭਰਵੀਂ ਮੀਟਿੰਗ ਕਰਕੇ ਪੰਜਾਬ ਦੀ ਹੁਕਮਰਾਨ ਪਾਰਟੀ ਵਲੋਂ ਸਾਲ 2022 ਦੇ ਚੋਣ ਵਾਅਦੇ ਵਿਚ ਸ਼ਾਮਿਲ ਸੂਬੇ ਦੇ ਨੰਬਰਦਾਰਾਂ ਦੀਆਂ ਲਟਕਦੀਆਂ ਮੰਗਾਂ ਮੰਨਵਾਉਣ ਲਈ ਵਿਚਾਰਾਂ ਕੀਤੀਆਂ ਗਈਆਂ | ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਨੇ ਸੰਬੋਧਨ ਕਰਦਿਆਂ ਕਿਹਾ ਦੱਸਿਆ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾਂ ਨੰਬਰਦਾਰਾਂ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ, ਪਰ ਉਸ ਸੰਬੰਧੀ ਚਾਰ ਸਾਲ ਬੀਤ ਜਾਣ ਤੱਕ ਰੱਤੀ ਭਰ ਵੀ ਅਮਲ ਨਹੀਂ ਹੋ ਸਕਿਆ | ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਪੰਜਾਬ ਬਜਟ ਦੇ ਸੈਸ਼ਨ ਦੌਰਾਨ ਨੰਬਰਦਾਰਾਂ ਦਾ ਮਾਣ ਭੱਤਾ ਪ੍ਰਤੀ ਮਹੀਨਾ 5000 ਰੁਪਏ ਕੀਤਾ ਜਾਵੇ ਅਤੇ ਨੰਬਰਦਾਰਾਂ ਦੀ ਨਿਯੁਕਤੀ ਜੱਦੀ ਪੁਸ਼ਤੀ ਬਣਾਉਣ ਲਈ ਯੋਗ ਉਪਰਾਲਾ ਕੀਤਾ ਜਾਵੇ | ਇਸ ਮੌਕੇ ਮੀਟਿੰਗ ਵਿਚ ਦੱਸਿਆ ਗਿਆ ਕਿ ਸਬ ਤਹਿਸੀਲ ਕੰਪਲੈਕਸ ਵਿਚ ਨੰਬਰਦਾਰਾਂ ਲਈ ਮਿਲੇ ਹੋਏ ਕਮਰੇ ਨੂੰ ਤਿਆਰ ਕਰਵਾਉਣ ਸੰਬੰਧੀ ਨੰਬਰਦਾਰ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ | ਇਸ ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ ਸੁਖਵਿੰਦਰ ਸਿੰਘ ਬੱਜੋਆਣਾ, ਭਗਵੰਤ ਸਿੰਘ ਪੂਹਲਾ, ਗੁਰਸੇਵਕ ਸਿੰਘ ਮਾੜੀ, ਗੁਰਜੰਟ ਸਿੰਘ ਬੁਰਜ ਡੱਲਾ, ਗੁਰਚਰਨ ਸਿੰਘ ਚੱਕ ਬਖਤੂ, ਮਨਪ੍ਰੀਤ ਸਿੰਘ ਲਹਿਰਾ ਮੁਹੱਬਤ, ਨਵਪ੍ਰੀਤ ਸਿੰਘ ਲਹਿਰਾ ਧੂਰਕੋਟ, ਸੁਰਜੀਤ ਸਿੰਘ ਪਿੰਡ ਗਿੱਦੜ, ਰਣਜੀਤ ਸਿੰਘ ਨਥਾਣਾ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਕਲਿਆਣ ਸੁੱਖਾ, ਬੂਟਾ ਸਿੰਘ ਨਾਥਪੁਰਾ, ਸੁਰਜੀਤ ਸਿੰਘ ਸੇਮਾ ਕਲਾਂ ਅਤੇ ਰਣਜੀਤ ਸਿੰਘ ਬੱਜੋਆਣਾ ਨੇ ਵੀ ਸੰਬੋਧਨ ਕੀਤਾ |