ਬਠਿੰਡਾ, 9 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਬਜਟ ਅਤੇ ਚੰਡੀਗੜ੍ਹ ਬਾਰਡਰ 'ਤੇ ਮੁਲਾਜ਼ਮਾਂ ਉਪਰ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਜ਼ਿਲ੍ਹਾ ਪੱਧਰ ਤੇ ਘੜੇ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬਜਟ ਅਤੇ ਲਾਠੀ ਚਾਰਜ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਸਾਂਝੇ ਫ਼ਰੰਟ ਤੇ ਆਗੂਆਂ ਗਗਨਦੀਪ ਸਿੰਘ ਭੁੱਲਰ, ਹਰਨੇਕ ਸਿੰਘ ਗਹਿਰੀ, ਦਰਸ਼ਨ ਮੌੜ, ਗੁਰਮੇਲ ਸਿੰਘ ਮਹਿੰਦਰ ਪਾਲ ਸਿੰਘ ਜਤਿੰਦਰ ਕਿ੍ਸ਼ਨ, ਭੁਪਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ,ਕੱਟੇ ਭੱਤੇ ਬਹਾਲ ਕਰਨ, ਬਕਾਇਆ ਰਹਿੰਦੇ ਡੀਏ ਅਤੇ ਹੋਰ ਮੁਲਾਜ਼ਮ ਮੰਗਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ | ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਪਹਿਲਾਂ ਬਣੀਆਂ ਸਰਕਾਰਾਂ ਦੇ ਮੁਕਾਬਲੇ ਨਖਿੱਧ ਸਾਬਤ ਹੋਈ ਹੈ | ਇਸ ਸਰਕਾਰ ਦੇ ਰਾਜ ਵਿਚ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਬੰਦ ਕੀਤਾ ਜਾ ਰਿਹਾ ਹੈ | ਆਗੂਆਂ ਨੇ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਰੋਸ ਕਰਦੇ ਮੁਲਾਜ਼ਮਾਂ ਉੱਤੇ ਸੁੱਟੀਆਂ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ | ਗੌਰਤਲਬ ਹੈ ਕਿ ਆਪਣੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਧਾਨ ਸਭਾ ਵੱਲ ਰੋਸ ਮਾਰਚ ਕਰ ਰਹੇ ਸਨ | ਰੋਸ ਮਾਰਚ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਧੱਕੇਸ਼ਾਹੀ ਵਿੱਚ ਦੋ ਦਰਜਨ ਦੇ ਕਰੀਬ ਮੁਲਾਜ਼ਮ ਸਖ਼ਤ ਫੱਟੜ ਹੋ ਗਏ ਸਨ | ਇਸ ਮੌਕੇ ਤੇ ਗੁਰਮੀਤ ਸਿੰਘ ਭੋਡੀਪੁਰਾ ਅਮਨਦੀਪ ਕੁਮਾਰ ਲੰਬੀ, ਜਸਵਿੰਦਰ ਸ਼ਰਮਾ,ਆਦਿ ਆਗੂ ਹੋਰ ਮੌਜੂਦ ਸਨ |