ਰਾਮਪੁਰਾ ਫੂਲ, 6 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਸ਼ਹਿਰ ਦੇ ਗਾਂਧੀ ਨਗਰ 'ਚ ਐਤਵਾਰ ਰਾਤ ਕਰੀਬ 10 ਵਜੇ ਇਕ ਲੁੱਟ ਦੀ ਵਾਰਦਾਤ ਸਾਹਮਣੇ ਆਈ, ਜਿਸ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਜਾਣਕਾਰੀ ਅਨੁਸਾਰ ਤਿੰਨ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਾਂਧੀ ਨਗਰ ਪਹੁੰਚੇ ਅਤੇ ਕਰਿਆਨੇ ਦੀ ਦੁਕਾਨ ਕਰਦੇ ਦੁਕਾਨਦਾਰ ਪੰਕਜ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਹਿਲਾਂ ਪਿਸਤੌਲ ਦੀ ਨੋਕ 'ਤੇ ਧਮਕੀ ਦਿੱਤੀ ਅਤੇ ਉਸ ਨੂੰ ਦੁਕਾਨ ਖੋਲ੍ਹਣ ਲਈ ਮਜਬੂਰ ਕੀਤਾ | ਇਸ ਤੋਂ ਬਾਅਦ ਮੁਲਜ਼ਮਾਂ ਨੇ ਦੁਕਾਨ ਅੰਦਰ ਦਾਖ਼ਲ ਹੋ ਕੇ ਲੁੱਟਮਾਰ ਕੀਤੀ ਅਤੇ ਦੁਕਾਨਦਾਰ ਦੀ ਕੁੱਟਮਾਰ ਕੀਤੀ | ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨੌਜਵਾਨ ਪਿਸਤੌਲ ਦੀ ਨੋਕ 'ਤੇ ਕਰੀਬ 20,000 ਰੁਪਏ ਦੀ ਨਕਦੀ ਅਤੇ ਮੋਬਾਈਲ ਫ਼ੋਨ ਲੁੱਟ ਕੇ ਫਰਾਰ ਹੋ ਗਏ | ਜਦੋਂ ਮੁਲਜ਼ਮ ਦੁਕਾਨਦਾਰ ਪੰਕਜ ਦੀ ਕੁੱਟਮਾਰ ਕਰ ਰਿਹਾ ਸੀ ਤਾਂ ਉੱਥੋਂ ਲੰਘ ਰਹੇ ਕੁਝ ਨੌਜਵਾਨਾਂ ਨੇ ਹਿੰਮਤ ਦਿਖਾਉਂਦੇ ਹੋਏ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ | ਚਸ਼ਮਦੀਦਾਂ ਮੁਤਾਬਿਕ ਨੌਜਵਾਨਾਂ ਨੇ ਹਮਲਾਵਰਾਂ ਦਾ ਵਿਰੋਧ ਕਰਦਿਆਂ ਉਨ੍ਹਾਂ 'ਤੇ ਇੱਟਾਂ-ਰੋੜੇ ਸੁੱਟੇ, ਜਿਸ ਕਾਰਨ ਬਦਮਾਸ਼ ਡਰ ਗਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਘਟਨਾ ਤੋਂ ਬਾਅਦ ਗਾਂਧੀ ਨਗਰ ਦੇ ਦੁਕਾਨਦਾਰਾਂ ਨੇ ਸੋਮਵਾਰ ਨੂੰ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਬਾਜ਼ਾਰਾਂ ਵਿਚ ਵੀ ਵਪਾਰੀ ਸੁਰੱਖਿਅਤ ਨਹੀਂ ਹਨ ਤਾਂ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਵਪਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਮੁਲਜ਼ਮਾਂ ਨੂੰ ਜਲਦੀ ਗਿ੍ਫ਼ਤਾਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਗਿ੍ਫ਼ਤਾਰ ਕੀਤਾ ਜਾ ਸਕੇ | ਥਾਣਾ ਸਿਟੀ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਲੁੱਟ ਦੀ ਘਟਨਾ ਨੂੰ ਪੁਲੀਸ ਨੇ ਗੰਭੀਰਤਾ ਨਾਲ ਲਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਹਰਬੰਸ ਸਿੰਘ ਨੇ ਇਹ ਵੀ ਦੱਸਿਆ ਕਿ ਮਾਮਲੇ ਸੰਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ |