ਸੰਗਤ ਮੰਡੀ, 9 ਅਪ੍ਰੈਲ (ਅੰਮਿ੍ਤਪਾਲ ਸ਼ਰਮਾ/ਸੁਖਤੇਜ ਧਾਲੀਵਾਲ)- ਰਸੋਈ ਗੈੱਸ ਸਿਲੰਡਰ ਨਾ ਮਿਲਣ ਤੋਂ ਅੱਕੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਸੰਗਤ ਇੰਡੇਨ ਸਰਵਿਸ ਗੈੱਸ ਏਜੰਸੀ ਵਿਰੁੱਧ ਵੱਡਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ | ਜ਼ਿਕਰਯੋਗ ਹੈ ਕਿ ਗੈੱਸ ਏਜੰਸੀ ਦੀ ਲਾਪਰਵਾਹੀ ਅਤੇ ਖ਼ਰਾਬ ਪ੍ਰਬੰਧਾਂ ਕਾਰਨ ਇਲਾਕੇ ਦੇ ਪਿੰਡਾਂ ਅਤੇ ਸੰਗਤ ਮੰਡੀ ਦੇ ਹਜ਼ਾਰਾਂ ਪਰਿਵਾਰਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਘਰੇਲੂ ਵਰਤੋਂ ਲਈ ਲਾਈਫ਼ ਲਾਈਨ ਸਮਝੇ ਜਾ ਰਹੇ ਗੈੱਸ ਸਿਲੰਡਰ ਨਾ ਮਿਲਣ ਕਾਰਨ ਲੋਕ ਰੋਜ਼ਾਨਾ ਵੱਡੀ ਪਰੇਸ਼ਾਨੀ ਝੱਲ ਰਹੇ ਹਨ ਅਤੇ ਸਰਕਾਰਾਂ ਦੇ ਦਾਅਵੇ ਵੀ ਕਾਗ਼ਜ਼ਾਂ ਤੱਕ ਹੀ ਸੀਮਿਤ ਨਜ਼ਰ ਆ ਰਹੇ ਹਨ | ਲੋਕਾਂ ਦੀ ਇਸ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਗੈੱਸ ਏਜੰਸੀ ਦੇ ਦਫ਼ਤਰ ਮੂਹਰੇ ਇਕੱਠੇ ਹੋਏ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਗੈੱਸ ਏਜੰਸੀ ਵਾਲਿਆਂ ਨੇ ਆਪਣਾ ਵਤੀਰਾ ਠੀਕ ਨਾ ਕੀਤਾ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਨਾ ਜਾਰੀ ਰੱਖਿਆ, ਤਾਂ ਪਿੰਡਾਂ ਦੇ ਲੋਕਾਂ ਵੱਲੋਂ ਗੈੱਸ ਏਜੰਸੀ ਮੂਹਰੇ ਪੱਕਾ ਧਰਨਾ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਗੈੱਸ ਏਜੰਸੀ ਦਾ ਆਨਲਾਈਨ ਬੁਕਿੰਗ ਸਿਸਟਮ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕਾ ਹੈ, ਵਾਰ-ਵਾਰ ਬੁਕਿੰਗ ਨੰਬਰ ਬਦਲੇ ਜਾ ਰਹੇ ਹਨ, ਪਰ ਇਸ ਬਾਰੇ ਕਿਸੇ ਨੂੰ ਸੂਚਨਾ ਨਹੀਂ ਦਿੱਤੀ ਜਾਂਦੀ | ਕਈ ਲੋਕਾਂ ਦੀ ਬੁਕਿੰਗ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਈ ਕਈ ਦਿਨ ਸਿਲੰਡਰ ਨਹੀਂ ਮਿਲਦੇ, ਜਿਸ ਕਾਰਨ ਲੋਕਾਂ ਨੂੰ ਏਜੰਸੀ ਦੇ ਬਾਹਰ ਲੰਬੀਆਂ ਲਾਈਨਾਂ ਵਿਚ ਖੜ੍ਹਾ ਹੋਣਾ ਪੈਂਦਾ ਹੈ | ਸਰਕਾਰਾਂ ਦਾਅਵੇ ਕਰ ਰਹੀਆਂ ਹਨ ਕਿ ਗੈੱਸ ਦੀ ਕਮੀ ਨਹੀਂ ਹੈ, ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ | ਆਮ ਲੋਕਾਂ ਨੂੰ ਗੈੱਸ ਸਿਲੰਡਰਾਂ ਲਈ ਭਟਕਣਾ ਪੈ ਰਿਹਾ ਹੈ ਪ੍ਰੰਤੂ ਕਾਲਾ ਬਾਜ਼ਾਰੀ 'ਚ ਸਿਲੰਡਰ 2 ਹਜ਼ਾਰ ਤੋਂ ਤਿੰਨ ਹਜ਼ਾਰ ਤੱਕ ਧੜੱਲੇ ਨਾਲ ਵਿਕ ਰਹੇ ਹਨ, ਜਿਸ ਨਾਲ ਸਰਕਾਰੀ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਆਗੂਆਂ ਵੱਲੋਂ ਪਿੰਡ ਘੁੱਦਾ ਅਤੇ ਕੋਟਗੁਰੂ ਦੇ ਵਸਨੀਕਾਂ ਸਮੇਤ ਗੈੱਸ ਏਜੰਸੀ ਦੇ ਮਾਲਕਾਂ ਨਾਲ ਤਿੱਖੀ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਆਨਲਾਈਨ ਸਿਸਟਮ ਫ਼ੇਲ੍ਹ ਹੈ, ਤਾਂ ਪਹਿਲਾਂ ਵਾਂਗ ਪੁਰਾਣੇ ਢੰਗ ਨਾਲ ਗੈੱਸ ਦੀ ਵੰਡ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਗੈੱਸ ਏਜੰਸੀ ਦੇ ਮਾਲਕਾਂ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਦੋ ਤਿੰਨ ਦਿਨਾਂ 'ਚ ਸਪਲਾਈ ਸੁਚਾਰੂ ਕੀਤੀ ਜਾਵੇਗੀ ਅਤੇ ਕੰਪਨੀ ਦੇ ਸੇਲਜ਼ ਅਫ਼ਸਰ ਨਾਲ ਮੀਟਿੰਗ ਕਰਵਾਈ ਜਾਵੇਗੀ |