ਭੁੱਚੋ ਮੰਡੀ, 10 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਖ਼ੁਰਦ ਵਿਖੇ ਉੱਤਰੀ ਭਾਰਤ ਦੀ ਸਭ ਤੋਂ ਵੱਡੀ 'ਭਾਈ ਦਵਿੰਦਰ ਸਿੰਘ ਸ਼ੂਟਿੰਗ ਰੇਂਜ' ਦਾ ਰਸਮੀ ਉਦਘਾਟਨ ਕੀਤਾ ਗਿਆ | ਪਿੰਡ ਦੇ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਮੈਂਬਰ ਭਾਈ ਗੁਰਜਿੰਦਰ ਸਿੰਘ ਸਿੱਧੂ ਭਾਈਕਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਉਨ੍ਹਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸ਼ੂਟਿੰਗ ਰੇਂਜ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸੇ ਸ਼ੂਟਿੰਗ ਰੇਂਜ ਵਿਚ ਪ੍ਰੈਕਟਿਸ ਕਰਦਿਆਂ ਪਿੰਡ ਭੁੱਚੋ ਖ਼ੁਰਦ ਦੇ ਜੰਮਪਲ ਅਤੇ ਹੁਣ ਚੰਡੀਗੜ੍ਹ ਵਿਖੇ ਰਹਿੰਦੇ ਨੌਜਵਾਨ ਭਾਈ ਸ਼ਿਰਾਜ ਸਿੰਘ ਪੁੱਤਰ ਭਾਈ ਸੁਖਦੀਪ ਸਿੰਘ ਸਿੱਧੂ ਨੇ ਇਸੇ ਸਾਲ ਜਨਵਰੀ ਦੇ ਸ਼ੁਰੂ ਵਿਚ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਨਵੀਂ ਦਿੱਲੀ ਵਿਖੇ ਹੋਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਨੀਅਰ ਡਬਲ ਟ੍ਰੈਪ ਮੁਕਾਬਲੇ ਵਿਚ ਸੋਨੇ ਦੇ 2 ਤਗ਼ਮੇ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਅਤੇ ਇਸ ਸਾਲ ਦੇ ਡਬਲ ਟ੍ਰੈਪ ਰਾਸ਼ਟਰੀ ਚੈਂਪੀਅਨ ਬਣੇ ਸਨ | ਉਨ੍ਹਾਂ ਦੱਸਿਆ ਕਿ ਇਹ ਸ਼ੂਟਿੰਗ ਰੇਂਜ ਨਵੇਂ ਅਤੇ ਉੱਭਰਦੇ ਖਿਡਾਰੀਆਂ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਨ ਵਾਲੀ ਸੰਸਥਾ ਹੈ | ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ੂਟਿੰਡ ਰੇਂਜ ਦਾ ਦੌਰਾ ਕੀਤਾ ਅਤੇ ਨੌਜਵਾਨਾਂ ਨੂੰ ਸ਼ੂਟਿੰਗ ਕਰਦਿਆਂ ਵੇਖਿਆ ਅਤੇ ਉਨ੍ਹਾਂ ਦੀ ਖੇਡ ਦੀ ਖੂਬ ਪ੍ਰਸੰਸਾ ਕੀਤੀ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਖੇਡਾਂ ਅਤੇ ਖ਼ਾਸ ਕਰਕੇ ਸ਼ੂਟਿੰਗ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ | ਉਨ੍ਹਾਂ ਭਾਈ ਦਵਿੰਦਰ ਸਿੰਘ ਸ਼ੂਟਿੰਗ ਰੇਂਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਾਈ ਗੁਰਜਿੰਦਰ ਸਿੰਘ ਵਰਗੀ ਸ਼ਖ਼ਸੀਅਤ ਵਿਰਲੀ ਹੀ ਮਿਲਦੀ ਹੈ, ਜੋ ਖ਼ੁਦ ਪੱਲਿਓਾ ਵੱਡੀ ਰਕਮ ਖ਼ਰਚ ਕੇ ਬਿਨਾਂ ਕਿਸੇ ਲੋਭ ਲਾਲਚ ਦੇ ਨੌਜਵਾਨਾਂ ਲਈ ਮੌਕੇ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸ਼ੂਟਿੰਗ ਰੇਂਜ ਇਲਾਕੇ ਦੇ ਹੀ ਨਹੀਂ, ਸਗੋਂ ਸਮੁੱਚੇ ਉੱਤਰੀ ਭਾਰਤ ਦੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਨੌਜਵਾਨਾਂ ਨੂੰ ਇਸ ਤੋਂ ਲਾਭ ਉਠਾ ਕੇ ਆਪਣਾ ਭਵਿੱਖ ਰੌਸ਼ਨ ਕਰਨਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਮੁਲਕ ਭਰ ਵਿਚੋਂ ਤਕੜਾ ਹੈ, ਪ੍ਰੰਤੂ ਨਸ਼ਿਆਂ ਨੇ ਇਸ ਨੂੰ ਕਮਜ਼ੋਰ ਕੀਤਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ |