ਰਾਮਾਂ ਮੰਡੀ, 11 ਅਪ੍ਰੈਲ (ਤਰਸੇਮ ਸਿੰਗਲਾ)-ਨੇੜਲੇ ਪਿੰਡ ਤਰਖਾਣਵਾਲਾ ਵਿਖੇ ਬੀਤੇ ਦਿਨੀਂ ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਸਿੰਚਾਈ ਵਾਲੀਆਂ ਸੋਲਰ ਮੋਟਰਾਂ ਦੀਆਂ ਕੇਵਲ ਤਾਰਾਂ ਚੋਰੀ ਕਰਕੇ ਰਾਮਾਂ ਮੰਡੀ ਵਿਖੇ ਇੱਕ ਕਬਾੜੀਏ ਨੂੰ ਵੇਚਣ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਵੀਰੂ ਨਾਮਕ ਕਬਾੜੀਏ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਰਾਮ ਸਿੰਘ ਵਾਸੀ ਤਰਖਾਣਵਾਲਾ ਅਤੇ ਮਨਦੀਪ ਸਿੰਘ ਵਾਸੀ ਚੱਠਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਵੀਰੂ ਕਬਾੜੀਆ ਅਜੇ ਫ਼ਰਾਰ ਹੈ | ਰਾਮਾਂ ਥਾਣਾ ਮੁਖੀ ਕੌਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਬਜੀਤ ਸਿੰਘ ਵਾਸੀ ਤਰਖਾਣਵਾਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਮੇਰੇ ਕੋਲ 11 ਕਿੱਲੇ ਜ਼ਮੀਨ ਰਕਬਾ ਪਿੰਡ ਤਰਖਾਣ ਪਿੰਡ ਤਿੰਗੜੀ ਨੂੰ ਜਾਣ ਵਾਲੇ ਕੱਚੇ ਰਸਤੇ ਪਰ ਠੇਕੇ ਤੇ ਹੈ | ਇਸ ਵਿਚ ਸੋਲਰ ਟਿਊਬਵੈੱਲ ਮੋਟਰਾਂ ਲੱਗੀਆਂ ਹੋਈਆਂ ਹਨ | ਬੀਤੇ ਦਿਨੀਂ ਨਾਮਾਲੂਮ ਚੋਰ ਉਸਦੇ ਖੇਤ ਦੀਆਂ ਮੋਟਰਾਂ ਦੀਆਂ ਤਾਰਾਂ ਸਮੇਤ ਨਾਲ ਲੱਗਦੇ ਖੇਤਾਂ ਵਿਚੋਂ ਵੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ | ਉਨ੍ਹਾਂ ਵਲੋਂ ਆਪਣੇ ਤੌਰ ਪਰ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੋਟਰਾਂ ਦੀਆਂ ਤਾਰਾਂ ਦਿਨ ਸਮੇਂ ਹੀ ਰਾਮ ਸਿੰਘ ਵਾਸੀ ਤਰਖਾਣਵਾਲਾ ਅਤੇ ਮਨਦੀਪ ਸਿੰਘ ਵਾਸੀ ਚੱਠਾ ਨੇ ਚੋਰੀ ਕੀਤੀਆਂ ਹਨ | ਇਹ ਚੋਰੀ ਕੀਤੀਆ ਤਾਰਾ ਨੂੰ ਵੀਰੂ ਕਬਾੜੀਆ ਰਾਮਾਂ ਮੰਡੀ ਨੂੰ ਵੇਚਦੇ ਹਨ | ਇਸ ਤੋਂ ਇਲਾਵਾ ਮਨਦੀਪ ਸਿੰਘ ਉਕਤਾਨ ਨੇ ਆਸ ਪਾਸ ਦੇ ਹੋਰ ਪਿੰਡਾਂ ਵਿਚੋਂ ਵੀ ਮੋਟਰਾਂ ਦੀਆਂ ਕੇਵਲ ਤਾਰਾ ਚੋਰੀ ਕੀਤੀਆਂ ਹਨ | ਪੁਲਿਸ ਨੇ ਰਾਮ ਸਿੰਘ ਅਤੇ ਮਨਦੀਪ ਸਿੰਘ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ | ਜਦੋਂਕਿ ਵੀਰੂ ਕਬਾੜੀਏ ਦੀ ਭਾਲ ਕੀਤੀ ਜਾ ਰਹੀ ਹੈ |