ਤਲਵੰਡੀ ਸਾਬੋ, 17 ਅਪ੍ਰੈਲ (ਪੱਤਰ ਪ੍ਰੇਰਕ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਕਾਂਗਰਸ ਪਾਰਟੀ ਵਲੋਂ ਪਿਛਲੇ ਸਮੇਂ ਤੋਂ ਸਰਗਰਮ ਤੇ ਪਿਛਲੇ ਦਿਨੀਂ ਤੀਜੀ ਵਾਰ ਬਲਾਕ ਕਾਂਗਰਸ ਪ੍ਰਧਾਨ ਬਣਾਏ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਅੱਜ ਆਪਣੇ ਪਿੰਡ ਭਾਗੀਵਾਂਦਰ ਦੀ ਅਨਾਜ ਮੰਡੀ 'ਚ ਪਹੁੰਚ ਕੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਉੱਥੇ ਜ਼ਿਲੇ੍ਹ ਦੇ ਆਲ੍ਹਾ ਅਧਿਕਾਰੀਆਂ ਨਾਲ ਸੰਪਰਕ ਸਾਧ ਕੇ ਕਣਕ ਦੀ ਖ਼ਰੀਦ ਵੀ ਸ਼ੁਰੂ ਕਰਵਾਈ | ਕਾਂਗਰਸੀ ਆਗੂ ਦੀ ਟੀਮ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਅਨਾਜ ਮੰਡੀ 'ਚ ਪਹੁੰਚ ਕੇ ਕਿਸਾਨ ਮੁਸ਼ਕਿਲਾਂ ਸੁਣੀਆਂ ਤਾਂ ਕਿਸਾਨਾਂ ਨੇ ਦੱਸਿਆ ਕਿ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਲੈ ਕੇ ਉਹ ਪਿਛਲੇ ਦਿਨਾਂ ਤੋਂ ਮੰਡੀਆਂ ਚ ਖੱਜਲ ਖੁਆਰ ਹੋ ਰਹੇ ਹਨ ਪਰ ਅਜੇ ਤੱਕ ਖ਼ਰੀਦ ਏਜੰਸੀਆਂ ਨੇ ਕਣਕ ਦੀ ਖ਼ਰੀਦ ਆਰੰਭ ਨਹੀ ਕੀਤੀ ਜਿਸ ਤੇ ਕ੍ਰਿਸ਼ਨ ਸਿੰਘ ਨੇ ਤੁਰੰਤ ਜ਼ਿਲੇ੍ਹ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਸਾਧਿਆ ਅਤੇ ਨਤੀਜੇ ਵਜੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਰਸਮੀ ਤੌਰ 'ਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਗੱਲਬਾਤ ਕਰਦਿਆਂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਪਿਛਲੇ ਦਿਨੀਂ ਬੇਮੌਸਮੀ ਬਾਰਸ਼ ਨਾਲ ਪਹਿਲਾਂ ਹੀ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਤੇ ਹੁਣ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ 'ਚ ਆਨਾਕਾਨੀ ਕਰ ਰਹੀਆਂ ਹਨ ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਅਨਾਜ ਮੰਡੀਆਂ ਚ ਪਹੁੰਚ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਜਾਣਨ ਦੀ ਕੋਸ਼ਿਸ਼ ਨਹੀ ਕੀਤੀ |ਕਾਂਗਰਸੀ ਆਗੂ ਨੇ ਕਿਹਾ ਕਿ ਅੱਜ ਖ਼ਰੀਦ ਸ਼ੁਰੂ ਕਰਵਾ ਕੇ ਇੱਥੇ ਮੁਸ਼ਕਿਲ ਹੱਲ ਕਰਨ ਦਾ ਯਤਨ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਚ ਹੋਰ ਅਨਾਜ ਮੰਡੀਆਂ ਚ ਪਹੁੰਚ ਕੇ ਕਿਸਾਨਾਂ ਨਾਲ ਮੁਲਾਕਾਤ ਕਰਾਂਗੇ | ਕ੍ਰਿਸ਼ਨ ਸਿੰਘ ਭਾਗੀਵਾਂਦਰ ਨਾਲ ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਰਣਵੀਰ ਸਿੰਘ ਸ਼ੇਖਪੁਰਾ, ਜ਼ਿਲ੍ਹਾ ਕਾਂਗਰਸ ਦਾ ਬੁਲਾਰਾ ਮੇਜਰ ਸਿੰਘ ਜਗਾ ਰਾਮ ਤੀਰਥ, ਯੂਥ ਆਗੂ ਬਲਜੀਤ ਸਿੰਘ ਭਾਗੀਵਾਂਦਰ, ਗੁਰਪ੍ਰੀਤ ਸਿੰਘ ਲਹਿਰੀ ਤੇ ਹੋਰ ਮੁਹਤਬਰ ਮੌਜੂਦ ਸਨ |