ਬਠਿੰਡਾ, 24 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਲਈ ਬਣਦਾ ਫੰਡ ਨਾ ਰੱਖਣ ਦੇ ਰੋਸ ਵਜੋਂ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਨੇ ਮੁੱਖ ਮੰਤਰੀ ਦੀ ਕੋਠੀ ਮੂਹਰੇ ਗੱਜਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਮੋਰਚੇ ਦੀ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਲਈ ਫੰਡ ਨਾ ਰੱਖ ਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਿਸ ਦੇ ਖਿਲਾਫ਼ 30 ਮਈ ਤੋਂ 1 ਜੂਨ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਤਿੰਨ ਰੋਜ਼ਾ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਇੱਕ ਮਤੇ ਰਾਹੀਂ ਦਿੱਲੀ, ਨੋਇਡਾ ਸਮੇਤ ਬਠਿੰਡਾ ਜ਼ਿਲ੍ਹੇ ਦੇ ਜੀਦਾ, ਬੱਲੂਆਣਾ ਦੀਆਂ ਫੈਕਟਰੀਆਂ ਦੇ ਮਜ਼ਦੂਰ ਅੰਦੋਲਨ ਦੀ ਹਮਾਇਤ ਅਤੇ ਦਿੱਲੀ ਪੁਲਿਸ ਪ੍ਰਸ਼ਾਸਨ ਵਲੋਂ ਗਿ੍ਫ਼ਤਾਰ ਅੰਦੋਲਨਕਾਰੀ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ | ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਵਲੋਂ ਪਿੰਡਾਂ ਅੰਦਰ ਪੇਂਡੂ ਮਜ਼ਦੂਰਾਂ ਸਮੇਤ ਹਰ ਬੇਰੁਜ਼ਗਾਰ ਹੱਥ ਦੇ ਰੁਜ਼ਗਾਰ ਦੀ ਗਰੰਟੀ ਲਈ, ਬੇਜ਼ਮੀਨੇ ਗਰੀਬਾਂ ਲਈ 10-10 ਮਰਲੇ ਪਲਾਟਾਂ, ਘਰ ਬਣਾਉਣ ਲਈ ਘੱਟੋ ਘੱਟ 5 ਲੱਖ ਗ੍ਰਾਂਟ, ਪੰਚਾਇਤੀ ਜ਼ਮੀਨਾਂ ਸਮੇਤ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਦਲਿਤਾਂ ਵਿਚ ਵੰਡਾਉਣ, ਮਜ਼ਦੂਰਾਂ, ਅÏਰਤਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫ਼ੀ ਲਈ, ਕਰਜ਼ੇ ਤੇ ਗਰੀਬੀ ਕਾਰਨ ਆਤਮ-ਹੱਤਿਆ ਕਰ ਗਏ ਮਜ਼ਦੂਰਾਂ ਲਈ ਮੁਆਵਜ਼ੇ ਸਮੇਤ ਹੋਰ ਅਧਿਕਾਰਾਂ ਦੀ ਪ੍ਰਾਪਤੀ ਲਈ ਸਰਕਾਰ ਨੂੰ ਘੇਰਿਆ ਜਾਵੇਗਾ | ਉਨ੍ਹਾਂ ਸਮੂਹ ਮਜ਼ਦੂਰ ਵਰਗ ਨੂੰ ਉਕਤ ਘਿਰਾਓ 'ਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਰਾਜ ਕੌਰ ਖਾਲਸਾ ਫ਼ਿਰੋਜ਼ਪੁਰ, ਮਨਜੀਤ ਕੌਰ ਜੋਗਾ, ਮਨਜੀਤ ਰਾਜ ਬਟਾਲਾ, ਕਰਮਜੀਤ ਸਿੰਘ ਫ਼ਰੀਦਕੋਟ, ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਹਰਮਨਦੀਪ ਸਿੰਘ ਮੱਦੋਕੇ ਮੋਗਾ, ਨਿਰਮਲ ਸਿੰਘ ਠੇਕੇਦਾਰ ਮਲੋਟ, ਸੁਖਵਿੰਦਰ ਸਿੰਘ ਬੋਹਾ, ਸੱਤਪਾਲ ਬਹਿਣੀਵਾਲ ਆਦਿ ਮੌਜੂਦ ਸਨ |