ਸੰਗਤ ਮੰਡੀ, 25 ਅਪ੍ਰੈਲ (ਸੁਖਤੇਜ ਧਾਲੀਵਾਲ)-ਪੰਜਾਬ ਅੰਦਰ ਲਗਾਤਾਰ ਵਧ ਰਹੇ ਤਾਪਮਾਨ ਨੇ ਬਿਜਲੀ ਵਿਭਾਗ ਨੂੰ ਮੁੜ੍ਹਕਾ ਲਿਆ ਕੇ ਰੱਖ ਦਿੱਤਾ ਹੈ | ਪਿੰਡਾਂ ਅਤੇ ਸ਼ਹਿਰਾਂ 'ਚ ਕਈ-ਕਈ ਘੰਟੇ ਲੱਗਦੇ ਬਿਜਲੀ ਕੱਟਾਂ ਨੇ ਇਕ ਵਾਰ ਫ਼ਿਰ ਤੋਂ ਸੂਬੇ 'ਚ ਸਿਆਸਤ ਭਖਾ ਦਿੱਤੀ ਹੈ | ਬਿਜਲੀ ਦੀ ਕਮੀ ਨੂੰ ਦੇਖਦਿਆਂ ਸਿਆਸੀ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਸਰਕਾਰ ਵਿਰੁੱਧ ਆਪਣੇ ਤੰਜ਼ ਕੱਸਣੇ ਸ਼ੁਰੂ ਕਰ ਦਿੱਤੇ ਗਏ ਹਨ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ, ਭਾਰਤੀ ਜਨਤਾ ਪਾਰਟੀ ਬਠਿੰਡਾ ਦੇ ਉਪ ਪ੍ਰਧਾਨ ਮੁਨੀਸ਼ ਕੁਮਾਰ ਟਿੰਕੂ ਨੇ ਕਿਹਾ ਕਿ ਗਰਮੀ ਨਾਲ ਬੇਹਾਲ ਹੋਏ ਲੋਕਾਂ ਵਲੋਂ ਹਰ ਰੋਜ਼ ਬਿਜਲੀ ਗਰਿੱਡ ਘੇਰ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ | ਇਨ੍ਹਾਂ ਆਗੂਆਂ ਨੇ ਆਪ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਹੋਰਨਾਂ ਸੂਬਿਆਂ ਵਿਚ ਜਾਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਆਪ ਸਰਕਾਰ ਵਲੋਂ ਪੰਜਾਬ ਅੰਦਰ 90 ਫੀਸਦੀ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਸਹੂਲਤ ਦਿੱਤੀ ਜਾ ਰਹੀ ਹੈ | ਜਦੋਂਕਿ ਦੂਜੇ ਪਾਸੇ ਬਿਜਲੀ ਸਪਲਾਈ ਦੇ ਲੱਗਦੇ ਵੱਡੇ ਵੱਡੇ ਕੱਟਾਂ ਕਾਰਨ ਨਾ ਬਿਜਲੀ, ਨਾ ਬਿੱਲ, ਵਾਲੀ ਗੱਲ ਬਣ ਗਈ ਹੈ | ਜਿਸ ਨੂੰ ਲੈ ਕੇ ਲੋਕਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੰਗਤ ਮੰਡੀ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਵਲੋਂ ਇਕੱਠੇ ਹੋਕੇ ਸਬੰਧਿਤ ਵਿਭਾਗ ਦੇ ਐੱਸ ਡੀ ਓ ਕੇਵਲ ਕਿ੍ਸ਼ਨ ਸੇਠੀ ਨੂੰ ਮਿਲਕੇ, ਮੰਗ ਕੀਤੀ ਕਿ ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦਿਨ ਅਤੇ ਰਾਤ ਦੇ ਸਮੇਂ ਬਿਜਲੀ ਦੇ ਪਾਵਰਕੱਟ ਲੱਗਣੇ ਬੰਦ ਨਾ ਕੀਤੇ ਗਏ ਤਾਂ ਉਹ ਕੋਈ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਹੋਣਗੇ | ਐੱਸ ਡੀ ਓ ਕੇਵਲ ਕਿ੍ਸ਼ਨ ਸੇਠੀ ਨੇ ਦੱਸਿਆ ਕਿ ਕਣਕਾਂ ਦੀ ਵਾਢੀ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪਾਵਰ ਕੱਟ ਲਾਏ ਜਾ ਰਹੇ ਸਨ ਜੋ ਹੁਣ ਨਹੀਂ ਲੱਗਣਗੇ | ਪ੍ਰੰਤੂ ਰਾਤ ਸਮੇਂ ਉਪਰੋਂ ਲੱਗਦੇ ਕੱਟਾਂ ਬਾਰੇ ਉਹ ਉੱਚ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਰੋਕਣ ਲਈ ਅਪੀਲ ਕਰਨਗੇ |