ਮਾਨਸਾ 25 ਅਪ੍ਰੈਲ (ਸ.ਰਿ.)- ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ 'ਚ ਸਥਾਨਕ ਅੰਬੇਡਕਰ ਨਗਰ (ਭੱਠਾ ਬਸਤੀ) ਵਿਖੇ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਹਾਲਾਂਕਿ ਪਿਛਲੇ ਸਾਲਾਂ 'ਚ ਮਲੇਰੀਆ ਦੇ ਕੇਸਾਂ 'ਚ ਵੱਡੀ ਗਿਰਾਵਟ ਆਈ ਹੈ ਪਰ ਅਜੇ ਵੀ ਸਾਵਧਾਨੀ ਵਰਤਣ ਦੀ ਸਖ਼ਤ ਲੋੜ ਹੈ | ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ 'ਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਜ਼ਿਲ੍ਹਾ ਐਪੀਡਿਮੋਲੋਜਿਸਟ ਸੰਤੋਸ਼ ਭਾਰਤੀ ਨੇ ਮਲੇਰੀਆ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਘਰਾਂ ਦੇ ਆਲੇ-ਦੁਆਲੇ, ਕੂਲਰਾਂ, ਗਮਲਿਆਂ ਅਤੇ ਪੁਰਾਣੇ ਟਾਇਰਾਂ 'ਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਖੜ੍ਹੇ ਪਾਣੀ 'ਚ ਹੀ ਮੱਛਰ ਪੈਦਾ ਹੁੰਦੇ ਹਨ | ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਹਿਨੇ ਜਾਣ | ਇਸ ਮੌਕੇ ਹੈਲਥ ਵਰਕਰ ਬਲਜੀਤ ਸਿੰਘ, ਇਨਸੈਕਟ ਕਲੈਕਟਰ ਕਿ੍ਸ਼ਨ ਕੁਮਾਰ ਆਦਿ ਹਾਜ਼ਰ ਸਨ |