ਬਠਿੰਡਾ, 9 ਮਈ (ਵਲ੍ਹਾਣ): ਐਸ.ਐਸ.ਡੀ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਧਾਨ ਸੰਜੇ ਗੋਇਲ, ਉਪ ਪ੍ਰਧਾਨ ਅਜੇ ਗੁਪਤਾ, ਸਕੱਤਰ ਸੁਦਰਸ਼ਨ ਗੋਇਲ ਅਤੇ ਪਿ੍ੰਸੀਪਲ ਡਾ. ਬਿਮਲਾ ਸਾਹੂ ਦੁਆਰਾ ਵਿਦਿਆਰਥਣਾਂ ਲਈ ਇੱਕ ਵਿੱਦਿਅਕ ਟੂਰ ਲਗਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਮਨਾਲੀ ਦੇ ਪ੍ਰਸਿੱਧ ਸਥਾਨਾਂ ਦਾ ਦੌਰਾ ਕਰਦੇ ਹੋਏ ਕੁਦਰਤ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਮਾਣਿਆ | ਵਿਦਿਆਰਥਣਾਂ ਨੇ ਮਨਾਲੀ ਪਹੁੰਚ ਕੇ ਸਭ ਤੋਂ ਪਹਿਲਾਂ ਹੜਿੰਬਾ ਦੇਵੀ ਮੰਦਰ 'ਚ ਮੱਥਾ ਟੇਕਿਆ ਅਤੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਤੋਂ ਬਾਅਦ ਵਸ਼ਿਸ਼ਟ ਮੰਦਰ ਦਾ ਦੌਰਾ ਕੀਤਾ, ਜਿੱਥੇ ਗਰਮ ਪਾਣੀ ਦੇ ਕੁਦਰਤੀ ਚਸ਼ਮੇ ਵਿਦਿਆਰਥਣਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਉਪਰੰਤ ਵਿਦਿਆਰਥਣਾਂ ਨੇ ਟ੍ਰੈਕਿੰਗ ਦਾ ਅਨੁਭਵ ਕੀਤਾ | ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਵਿਸ਼ਵ ਪ੍ਰਸਿੱਧ ਅਟਲ ਟਨਲ ਦਾ ਦੌਰਾ ਕੀਤਾ, ਜੋ ਇੰਜੀਨੀਅਰਿੰਗ ਦਾ ਇੱਕ ਸ਼ਾਨਦਾਰ ਉਦਾਹਰਨ ਹੈ | ਉਨ੍ਹਾਂ ਨੇ ਸਿੱਸੁ (ਸੋਖਤਰ) ਦਾ ਦੌਰਾ ਕੀਤਾ ਜਿੱਥੇ ਬਰਫ਼ੀਲੇ ਪਹਾੜ ਅਤੇ ਝਰਨੇ ਸਭ ਨੂੰ ਮੋਹ ਲੈਣ ਵਾਲੇ ਸਨ | ਅਸਿਸਟੈਂਟ ਪ੍ਰੋਫੈਸਰ ਡਾ: ਸ਼ਿਖਾ ਅਤੇ ਮੈਡਮ ਨਿਸ਼ਾ ਗੋਇਲ ਦੀ ਦੇਖ-ਰੇਖ ਹੇਠ ਯਾਤਰਾ ਸੰਪੰਨ ਹੋਈ | ਕਾਲਜ ਦੇ ਪ੍ਰਧਾਨ ਸੰਜੇ ਗੋਇਲ, ਉਪ ਪ੍ਰਧਾਨ ਅਜੇ ਗੁਪਤਾ, ਸਕੱਤਰ ਸੁਦਰਸ਼ਨ ਗੋਇਲ ਅਤੇ ਪਿ੍ੰਸੀਪਲ ਡਾ: ਬਿਮਲਾ ਸਾਹੂ ਨੇ ਇਸ ਸਫਲ ਆਯੋਜਨ ਲਈ ਪੂਰੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤਾ |