ਸੰਗਤ ਮੰਡੀ, 21 ਮਈ (ਅੰਮਿ੍ਤਪਾਲ ਸ਼ਰਮਾ, ਸੁਖਤੇਜ ਧਾਲੀਵਾਲ)-ਵਿਵਾਦਾਂ 'ਚ ਚੱਲ ਰਹੀ ਸਥਾਨਕ ਇੰਡੇਨ ਗੈਸ ਏਜੰਸੀ ਵਿਰੱੁਧ ਕਾਰਵਾਈ ਲਈ ਚੰਡੀਗੜ੍ਹ ਤੋਂ ਸਪੈਸ਼ਲ ਆਈ ਟੀਮ ਵਲੋਂ ਏਜੰਸੀ ਗੁਦਾਮ ਦੇ ਤਾਲੇ ਤੋੜ ਕੇ ਛਾਪੇਮਾਰੀ ਕੀਤੀ | ਇੰਡੀਅਨ ਆਇਲ ਕੰਪਨੀ ਦੀ ਸੀਨੀਅਰ ਮੈਨੇਜਰ ਰਿਚਾ ਲੂਥਰਾ, ਕੰਪਨੀ ਦੇ ਏਰੀਆ ਸੇਲਜ਼ ਅਫ਼ਸਰ ਸਮੀਰ ਤਿਵਾੜੀ, ਮਨਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸੰਗਤ, ਫੂਡ ਸਪਲਾਈ ਵਿਭਾਗ ਦੇ ਬਲਾਕ ਅਧਿਕਾਰੀ ਗੁਰਤੇਜ ਸਿੰਘ ਅਤੇ ਵੱਖ-ਵੱਖ ਗੈਸ ਏਜੰਸੀ ਮਾਲਕਾਂ ਅਤੇ ਪੁਲਿਸ ਦੀ ਮੌਜੂਦਗੀ 'ਚ ਸੰਗਤ ਇੰਡੇਨ ਸਰਵਿਸ ਗੈਸ ਏਜੰਸੀ ਵਿਰੁੱਧ ਅਮਲੀ ਕਾਰਵਾਈ ਲਈ ਏਜੰਸੀ ਗੁਦਾਮ ਦੇ ਤਾਲੇ ਤੋੜ ਕੇ ਛਾਪੇਮਾਰੀ ਸ਼ੁਰੂ ਕੀਤੀ ਗਈ | ਅਧਿਕਾਰੀਆਂ ਵਲੋਂ ਗੈਸ ਏਜੰਸੀ ਦੇ ਗੁਦਾਮ ਨੂੰ ਅੰਦਰੋਂ ਬੰਦ ਕਰਕੇ ਗਿਣਤੀਆਂ-ਮਿਣਤੀਆਂ ਕੀਤੀਆਂ ਗਈਆਂ | ਸੂਤਰਾਂ ਅਨੁਸਾਰ ਜਿੱਥੇ ਗੈਸ ਏਜੰਸੀ ਦੇ ਰਿਕਾਰਡ ਅੰਦਰ ਵੱਡੀਆਂ ਖ਼ਾਮੀਆਂ ਪਾਈਆਂ ਗਈਆਂ, ਉਥੇ ਖੱੁਲ੍ਹੇ ਆਸਮਾਨ ਹੇਠ ਰੱਖੇ ਸੈਂਕੜੇ ਭਰੇ ਅਤੇ ਖਾਲੀ ਗੈਸ ਸਿਲੰਡਰ ਕੰਪਨੀ ਅਧਿਕਾਰੀਆਂ ਵਲੋਂ ਕਬਜ਼ੇ 'ਚ ਲੈ ਕੇ ਕੰਪਨੀ ਦੇ ਬਠਿੰਡਾ ਪਲਾਂਟ ਵਿਚ ਭੇਜੇ ਗਏ | ਜ਼ਿਕਰਯੋਗ ਹੈ ਕਿ ਬੀਤੀ 2 ਮਈ ਨੂੰ ਉਕਤ ਗੈਸ ਏਜੰਸੀ ਦੀ ਮਾਲਕਣ ਅੰਜੂਬਾਲਾ ਚੌਧਰੀ ਅਤੇ ਡਰਾਇਵਰ ਨਿਰਮਲ ਸਿੰਘ ਪੁੱਤਰ ਜਸਪਾਲ ਸਿੰਘ ਵਿਰੱੁਧ ਅਧੀਨ ਧਾਰਾ 7 ਈ. ਸੀ. (ਜ਼ਰੂਰੀ ਵਸਤਾਂ ਦੀ ਕਾਲਾਬਜ਼ਾਰੀ) ਅਤੇ ਬੀ. ਐਨ. ਐਸ. 2023 ਦੀ ਧਾਰਾ 61(2) ਤਹਿਤ ਮੁੱਕਦਮਾ ਦਰਜ ਕੀਤਾ ਗਿਆ ਸੀ, ਜੋ ਰਾਤ ਸਮੇਂ ਗੈਸ ਸਿਲੰਡਰਾਂ ਦੀ ਕਾਲਾਬਜਾਰੀ ਕਰਦੀ ਏਜੰਸੀ ਦੀ ਗੱਡੀ ਘੇਰ ਕੇ ਲੋਕਾਂ ਵਲੋਂ ਪੁਲਿਸ ਹਵਾਲੇ ਕੀਤੀ ਗਈ ਸੀ | ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਤੋਂ ਅੰਜੂ ਬਾਲਾ ਦੇ ਪਤੀ ਹਰਸਵਰੂਪ ਚੌਧਰੀ (ਇੰਡੇਨ ਕੰਪਨੀ ਦੇ ਰਿਟਾ. ਅਫ਼ਸਰ) ਗੈਸ ਏਜੰਸੀ ਦਫ਼ਤਰ ਅਤੇ ਗੋਦਾਮ ਨੂੰ ਤਾਲੇ ਲਗਾਕੇ ਰਿਕਾਰਡ ਸਮੇਤ ਗਾਇਬ ਹਨ, ਜਿਸ ਕਾਰਨ ਕੰਪਨੀ ਅਧਿਕਾਰੀਆਂ ਅਤੇ ਪ੍ਰਸਾਸ਼ਨਿਕ ਅਮਲੇ ਨੂੰ ਤਾਲੇ ਤੋੜ ਕੇ ਕਾਰਵਾਈ ਲਈ ਮਜ਼ਬੂਰ ਹੋਣਾ ਪਿਆ | ਜਾਣਕਾਰੀ ਅਨੁਸਾਰ ਆਰਜ਼ੀ ਤੌਰ 'ਤੇ ਜ਼ਿਲ੍ਹੇ ਦੀਆਂ 6 ਗੈਸ ਏਜੰਸੀਆਂ ਅਮਾਨਤ ਗੈਸ ਏਜੰਸੀ ਮੌੜ, ਗੋਨਿਆਣਾ ਗੈਸ ਸਰਵਿਸ ਗੋਨਿਆਣਾ, ਨਾਰਾਇਣ ਗੈਸ ਏਜੰਸੀ ਬਠਿੰਡਾ, ਪਰਮਵੀਰ ਗੈਸ ਸਰਵਿਸ ਬਠਿੰਡਾ, ਮਨਰੂਪ ਇੰਡੇਨ ਸਰਵਿਸ ਤਲਵੰਡੀ ਸਾਬੋ ਅਤੇ ਮੌੜ ਗੈਸ ਸਰਵਿਸ ਮੌੜ ਮੰਡੀ ਨੂੰ ਇਲਾਕੇ ਦੇ ਪਿੰਡਾਂ 'ਚ ਗੈਸ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਬਾਰੇ ਜਦੋਂ ਚੰਡੀਗੜ੍ਹ ਤੋਂ ਆਈ ਇੰਡੀਅਨ ਆਇਲ ਕੰਪਨੀ ਦੀ ਸੀਨੀਅਰ ਮੈਨੇਜਰ ਰਿਚਾ ਲੂਥਰਾ ਤੋਂ ਜਾਣਕਾਰੀ ਲਈ ਪੁੱਛਿਆ ਤਾਂ ਉਨ੍ਹਾਂ ਕਿਹਾ ਉਹ ਮੀਡੀਆ ਨੂੰ ਕੋਈ ਵੀ ਜਾਣਕਾਰੀ ਨਹੀਂ ਦੇਣਗੇ ਅਤੇ ਪੂਰੀ ਰਿਪੋਰਟ ਤਿਆਰ ਕਰਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਪੇਸ਼ ਹੀ ਕਰਨਗੇ, ਉਹ ਹੀ ਅੱਗੇ ਕੋਈ ਜਾਣਕਾਰੀ ਦੇ ਸਕਦੇ ਹਨ |
ਇੰਡੀਅਨ ਆਇਲ ਕੰਪਨੀ ਦੀ ਟੀਮ ਵਲੋਂ ਇੰਡੇਨ ਗੈਸ ਏਜੰਸੀ ਗੁਦਾਮ ਦੇ ਤਾਲੇ ਤੋੜ ਕੇ ਛਾਪੇਮਾਰੀ ਇੰਡੇਨ ਗੈਸ ਏਜੰਸੀ ਵਿਰੁੱਧ ਅਮਲੀ ਕਾਰਵਾਈ ਸ਼ੁਰੂ
ਅਜੀਤ ਡੈਸਕ
22-05-2026