ਚਾਉਕੇ, 21 ਮਈ (ਮਨਜੀਤ ਸਿੰਘ ਘੜੈਲੀ)- ਸਰਕਾਰ ਵਲੋਂ ਸੂਬੇ ਦੀਆਂ ਔਰਤਾਂ ਅਤੇ ਬੱਚੀਆਂ ਦੇ ਸਮਾਜਿਕ ਤੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਨਿਵੇਕਲੀ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਆਗਾਜ਼ ਅੱਜ ਪਿੰਡ ਬੱਲੋ੍ਹ ਵਿਖੇ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ | ਇਸ ਯੋਜਨਾ ਦੀ ਰਸਮੀ ਸ਼ੁਰੂਆਤ ਪਿੰਡ ਦੀ ਅਗਾਂਹਵਧੂ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਵਲੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਕੇ ਕੀਤੀ ਗਈ | ਇਸ ਵਿਸ਼ੇਸ਼ ਮੌਕੇ 'ਤੇ ਸੰਬੋਧਨ ਕਰਦਿਆਂ ਸਰਪੰਚ ਅਮਰਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਸਹੀ ਮਾਅਨਿਆਂ 'ਚ 'ਆਮ ਲੋਕਾਂ ਦੀ ਸਰਕਾਰ' ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜਾਬ ਦੀਆਂ ਔਰਤਾਂ ਦੇ ਸਵੈ-ਮਾਣ ਨੂੰ ਵਧਾਉਣ ਅਤੇ ਧੀਆਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਹੈ | ਯੋਜਨਾ ਦੇ ਆਗਾਜ਼ ਮੌਕੇ ਵਿਭਾਗ ਦੀ ਸੁਪਰਵਾਈਜ਼ਰ ਪਰਮਜੀਤ ਕੌਰ ਅਤੇ ਸਥਾਨਕ ਆਂਗਣਵਾੜੀ ਵਰਕਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸੁਪਰਵਾਈਜ਼ਰ ਪਰਮਜੀਤ ਕੌਰ ਨੇ ਪਿੰਡ ਦੀਆਂ ਮਹਿਲਾਵਾਂ ਨੂੰ ਇਸ ਯੋਜਨਾ ਦੇ ਲਾਭ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ | ਸੁਖਪਾਲ ਕੌਰ ਆਂਗਣਵਾੜੀ ਵਰਕਰ ਨੇ ਦੱਸਿਆ ਕਿ ਪਹਿਲੇ ਦਿਨ ਸਕੀਮ ਦਾ ਲਾਭ ਲੈਣ ਲਈ ਤਕਰੀਬਨ 40 ਔਰਤਾਂ ਦੀ ਰਜਿਸਟਰੇਸ਼ਨ ਹੋਈ | ਪਿੰਡ ਵਾਸੀਆਂ ਅਤੇ ਖ਼ਾਸ ਕਰਕੇ ਮਹਿਲਾਵਾਂ ਨੇ ਇਸ ਸਕੀਮ ਨੂੰ ਲੈ ਕੇ ਭਾਰੀ ਉਤਸ਼ਾਹ ਦਿਖਾਇਆ | ਪੰਚਾਇਤ ਲਈ ਮਾਣ ਵਾਲੀ ਗੱਲ ਹੈ ਕਿ ਇਸ ਸਕੀਮ ਦਾ ਹਰ ਔਰਤ ਨੂੰ ਲਾਭ ਦੇਣ ਲਈ ਪੰਚ ਰਾਜਵੀਰ ਕੌਰ ਅਤੇ ਹਰਵਿੰਦਰ ਕੌਰ ਨੂੰ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਮੌਕੇ ਆਂਗਣਵਾੜੀ ਵਰਕਰ ਸੁਖਪਾਲ ਕੌਰ, ਕਿਰਨਪਾਲ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ |