ਦੂਜੇ ਦਿਨ ਵੀ ਧਰਨੇ 'ਤੇ ਡਟਿਆ ਰਿਹਾ ਮਿ੍ਤਕ ਅਕਾਲੀ ਆਗੂ ਦਾ ਪਰਿਵਾਰ ਅਤੇ ਪਿੰਡ ਵਾਸੀ
ਅਜੀਤ ਡੈਸਕ
23-05-2026
ਇਸ ਮਾਮਲੇ ਸੰਬੰਧੀ ਧਰਨਾ ਲਗਾ ਕੇ ਬੈਠੇ ਮਿ੍ਤਕ ਦੇ ਪੁੱਤਰ ਗੋਪੀ ਨੇ ਦੱਸਿਆ ਕਿ ਉਸ ਦੀ ਭੂਆ ਉਨ੍ਹਾਂ ਦੇ ਪਰਿਵਾਰ ਨਾਲ ਰਹਿੰਦੀ ਸੀ | ਭੂਆ ਦੇ ਨਾਮ 'ਤੇ ਕਰੋੜਾਂ ਰੁਪਏ ਦੀ ਜ਼ਮੀਨ-ਜ਼ਾਇਦਾਦ ਹੋਣ ਕਾਰਨ ਕੁਝ ਲੋਕਾਂ ਨੇ ਜ਼ਾਇਦਾਦ ਹੜੱਪਣ ਦੀ ਨੀਅਤ ਨਾਲ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਭੂਆ ਦੇ ਅਗਵਾ ਦਾ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ | ਗੋਪੀ ਅਨੁਸਾਰ 29 ਅਪ੍ਰੈਲ ਨੂੰ ਐਸ.ਐਚ.ਓ ਦੀ ਅਗਵਾਈ ਹੇਠ ਪੁਲਿਸ ਟੀਮ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਲਈ ਪਿੰਡ ਪਹੁੰਚੀ ਸੀ | ਇਸ ਦੌਰਾਨ ਉਸ ਦੇ ਪਿਤਾ ਨੇ 112 ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਕਾਰਵਾਈ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ | ਉਨ੍ਹਾਂ ਦੋਸ਼ ਲਗਾਏ ਕਿ ਪੁਲਿਸ ਟੀਮ ਨਾਲ ਸਾਦੇ ਕੱਪੜਿਆਂ ਵਿਚ ਆਏ ਕੁਝ ਵਿਅਕਤੀਆਂ ਨੇ ਉਸ ਦੇ ਪਿਤਾ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ |
ਇਲਾਜ ਦੌਰਾਨ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿਚ ਸੱਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ, ਪਰ ਹੁਣ ਤੱਕ ਕਿਸੇ ਵੀ ਮੁਲਜ਼ਮ ਦੀ ਗਿ੍ਫ਼ਤਾਰੀ ਨਹੀਂ ਹੋਈ | ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ | ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਅਗਵਾ ਦਾ ਦਰਜ ਕੀਤਾ ਗਿਆ ਕਥਿਤ ਝੂਠਾ ਮਾਮਲਾ ਰੱਦ ਕੀਤਾ ਜਾਵੇ, ਐਸ.ਐਚ.ਓ ਨੂੰ ਕਥਿਤ ਕਤਲ ਕੇਸ ਵਿਚ ਨਾਮਜ਼ਦ ਕੀਤਾ ਜਾਵੇ ਅਤੇ ਸਾਰੇ ਮੁਲਜ਼ਮਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਉੱਧਰ ਇਸ ਮਾਮਲੇ ਸੰਬੰਧੀ ਡੀ.ਐਸ.ਪੀ ਦਿਹਾਤੀ ਹਰਵਿੰਦਰ ਸਰਾਂ ਨੇ ਕਿਹਾ ਕਿ ਇਸ ਮਾਮਲੇ 'ਚ ਸੱਤ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ | ਜਿੰਨ੍ਹਾਂ ਦੀ ਗਿ੍ਫ਼ਤਾਰੀ ਲਈ ਉਨ੍ਹਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |