ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਬਠਿੰਡਾ ਵਿਚ ਨਗਰ ਨਿਗਮ ਬਠਿੰਡਾ ਤੋਂ ਇਲਾਵਾ ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਦੀਆਂ ਚੋਣਾਂ 26 ਮਈ 2026 ਨੂੰ ਹੋਣ ਜਾ ਰਹੀਆਂ ਹਨ, ਜਿਸ ਸਬੰਧੀ ਚੋਣ ਪ੍ਰਚਾਰ 24 ਮਈ ਨੂੰ ਸ਼ਾਮ 05:00 ਵਜੇ ਤੋਂ ਬੰਦ ਹੋ ਜਾਵੇਗਾ¢ ਚੋਣਾਂ ਤੋਂ ਪਹਿਲਾਂ ਪੂਰਾ ਬਠਿੰਡਾ ਸ਼ਹਿਰ ਚੋਣਾਂਵੀ ਰੰਗ ਵਿਚ ਰੰਗਿਆ ਹੋਇਆ ਹੈ ਅਤੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ¢ ਇਸੇ ਦਰਮਿਆਨ ਪ੍ਰਸ਼ਾਸਨ ਨੇ ਵੀ ਚੋਣਾਂ ਨੂੰ ਲੈ ਕੇ ਸਖ਼ਤੀ ਵਧਾ ਦਿੱਤੀ ਹੈ¢ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਦੀ ਹਦੂਦ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਬਾਹਰੋਂ ਆਏ ਰਾਜਨੀਤਿਕ ਪਾਰਟੀਆਂ ਦੇ ਵਿਅਕਤੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ 24 ਮਈ ਦੀ ਸ਼ਾਮ 05.00 ਵਜੇ ਤੋਂ ਬਾਅਦ ਵਾਪਸ ਚਲੇ ਜਾਣ¢