ਬਠਿੰਡਾ, 24 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਰਾਮਪੁਰਾ ਬਲਾਕ ਦਾ ਪਿੰਡ ਗਿੱਲ ਕਲਾਂ ਭਾਈਚਾਰਕ ਸਾਂਝ 'ਤੇ ਆਧਾਰਿਤ ਜਲ ਪ੍ਰਬੰਧਨ ਦਾ ਇਕ ਸ਼ਾਨਦਾਰ ਮਾਡਲ ਬਣ ਕੇ ਉੱਭਰਿਆ ਹੈ, ਜਿੱਥੇ ਜਨ ਭਾਗੀਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਨੇ ਹਰ ਘਰ ਤੱਕ ਟੈਪ ਵਾਟਰ ਸਪਲਾਈ ਪਹੁੰਚਾਇਆ ਹੈ ¢ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੰਡ ਦੇ ਜਲ ਪ੍ਰਬੰਧਨ ਯਤਨਾਂ ਨੂੰ ਅੱਜ ਜਲ ਜੀਵਨ ਮਿਸ਼ਨ ਤਹਿਤ ਹੋਈ 'ਸੁਜਲ ਗ੍ਰਾਮ ਸੰਵਾਦ' ਦੀ ਵਰਚੂਅਲ ਕਾਨਫ਼ਰੰਸ ਦੌਰਾਨ ਸ਼ਲਾਘਾ ਮਿਲੀ ¢ ਇਸ ਨਾਲ ਬਠਿੰਡਾ ਜ਼ਿਲ੍ਹੇ ਨੂੰ ਪ੍ਰਭਾਵਸ਼ਾਲੀ ਭਾਗੀਦਾਰੀ ਅਤੇ ਟਿਕਾਊ ਜਲ ਸਪਲਾਈ ਪ੍ਰਬੰਧਨ ਲਈ ਕੌਮੀ ਪੱਧਰ 'ਤੇ ਮਾਨਤਾ ਪ੍ਰਾਪਤ ਹੋਈ ਹੈ ¢ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਿੱਲ ਕਲਾਂ ਨੇ ਇਹ ਸਾਬਤ ਕੀਤਾ ਹੈ ਕਿ ਜਾਗਰੂਕਤਾ ਅਤੇ ਲੋਕਾਂ ਦਾ ਭਰੋਸਾ ਪਿੰਡਾਂ ਦੀ ਜਲ ਸਪਲਾਈ ਪ੍ਰਣਾਲੀ ਵਿਚ ਕਿਵੇਂ ਬਦਲਾਅ ਲਿਆ ਸਕਦਾ ਹੈ ¢ ਨਹਿਰੀ ਪਾਣੀ 'ਤੇ ਆਧਾਰਿਤ ਪਿੰਡ ਦੀ ਜਲ ਸਪਲਾਈ ਸਕੀਮ ਨੂੰ ਸਾਲ 2020 ਵਿਚ 2.96 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਸੀ ¢ ਇਸ ਤੋਂ ਬਾਅਦ ਸਾਲ 2021-22 ਦੌਰਾਨ ਇਸ ਦੀ ਮਜ਼ਬੂਤੀ ਲਈ ਹੋਰ ਕੰਮ ਵੀ ਮੁਕੰਮਲ ਕੀਤੇ ਗਏ¢ ਬਾਅਦ ਵਿਚ ਸਤੰਬਰ 2022 ਵਿਚ ਇਸ ਸਕੀਮ ਨੂੰ ਸਥਾਨਕ ਪ੍ਰਬੰਧਨ ਅਤੇ ਸੰਚਾਲਨ ਲਈ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ¢ ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ 784 ਘਰਾਂ 'ਚ ਹੁਣ ਟੈਪ ਵਾਟਰ ਕੁਨੈਕਸ਼ਨ ਉਪਲੱਬਧ ਹਨ ¢ ਪਿੰਡ ਵਾਸੀ ਸਬਮਰਸੀਬਲ ਪੰਪ ਦੇ ਪਾਣੀ ਨੂੰ ਤਰਜੀਹ ਦਿੰਦੇ ਸਨ ¢ ਕਮੇਟੀ ਨੇ ਸਿਸਟਮ ਦੇ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਨਿਯਮਿਤ ਰੱਖ-ਰਖਾਅ ਲਈ ਇਕ ਨਿੱਜੀ ਪੰਪ ਆਪਰੇਟਰ ਨੂੰ ਨਿਯੁਕਤ ਕੀਤਾ ਹੈ ¢ ਸਾਲਾਨਾ ਸੰਚਾਲਨ ਖਰਚੇ ਪੂਰੇ ਕਰਨ ਤੋਂ ਬਾਅਦ ਕਮੇਟੀ ਨੂੰ ਹਰ ਸਾਲ ਕਰੀਬ 2 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ ਅਤੇ ਪਾਣੀ ਸਪਲਾਈ ਸੰਚਾਲਨ ਤੋਂ ਕਰੀਬ 6 ਲੱਖ ਰੁਪਏ ਦੀ ਬੱਚਤ ਇਕੱਠੀ ਹੋ ਚੁੱਕੀ ਹੈ¢