ਨਗਰ ਕੌਂਸਲ ਸੰਗਤ ਦੇ ਚੋਣ ਨਤੀਜਿਆਂ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਹੂੰਝਾ ਫੇਰ ਜਿੱਤ <br/>
ਅਜੀਤ ਡੈਸਕ
30-05-2026
ਸੰਗਤ ਮੰਡੀ, 29 ਮਈ (ਅੰਮਿ੍ਤਪਾਲ ਸ਼ਰਮਾ, ਸੁਖਤੇਜ ਧਾਲੀਵਾਲ)-ਨਗਰ ਕੌਂਸਲ ਸੰਗਤ ਦੀਆਂ ਚੋਣਾਂ 'ਚ ਹੋਈ ਹੂੰਝਾ ਫੇਰ ਜਿੱਤ ਨਾਲ ਸ਼ੋ੍ਰਮਣੀ ਅਕਾਲੀ ਦਲ ਲਗਾਤਾਰ ਦੂਜੀ ਵਾਰ ਕੌਂਸਲ 'ਤੇ ਕਾਬਜ਼ ਹੋਇਆ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਰਣਜੀਤ ਸਿੰਘ 'ਨਿੱਕਾ' ਵਲੋਂ ਲਗਾਤਾਰ ਤੀਜੀ ਵਾਰ ਵਾਰਡ ਨੰਬਰ 9 ਤੋਂ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਹੈ | ਜ਼ਿਕਰਯੋਗ ਹੈ ਕਿ ਸੰਗਤ ਮੰਡੀ ਦੇ ਕੁੱਲ 9 ਵਾਰਡਾਂ 'ਚੋਂ 4 ਉਮੀਦਵਾਰ ਬਿਨ੍ਹਾਂ ਮੁਕਾਬਲਾ ਪਹਿਲਾਂ ਹੀ ਚੋਣ ਜਿੱਤ ਗਏ ਸਨ, ਜਿਨ੍ਹਾਂ ਵਿਚ ਵਾਰਡ ਨੰਬਰ 4 (ਜਨਰਲ) ਤੋਂ ਸ਼ੋ੍ਰਮਣੀ ਅਕਾਲੀ ਸਮਰਥਕ (ਆਜ਼ਾਦ) ਰਾਹੁਲ ਕੁਮਾਰ ਗੋਇਲ ਪੁੱਤਰ ਰਾਜਿੰਦਰ ਕੁਮਾਰ ਦੀ ਵੱਡੀ ਜਿੱਤ ਹੋਈ ਹੈ | ਵਾਰਡ ਨੰਬਰ 5 ਤੋਂ ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦੀ ਪਤਨੀ ਰਿੰਕੂ ਰਾਣੀ ਜੇਤੂ ਰਹੇ ਹਨ | ਵਾਰਡ ਨੰਬਰ 7 ਤੋਂ 'ਆਪ' ਉਮੀਦਵਾਰ ਕੁਲਵਿੰਦਰ ਕੌਰ ਜੇਤੂ ਰਹੇ ਅਤੇ ਵਾਰਡ ਨੰਬਰ 8 ਤੋਂ ਰਾਜਵਿੰਦਰ ਸਿੰਘ 'ਰਾਜੀ' ਪੁੱਤਰ ਜਵਾਲਾ ਸਿੰਘ (ਸ਼ੋ੍ਰਮਣੀ ਅਕਾਲੀ ਦਲ) ਬਿਨ੍ਹਾਂ ਮੁਕਾਬਲਾ ਚੋਣ ਜਿੱਤ ਗਏ ਸਨ | ਬਾਕੀ ਰਹਿੰਦੇ 5 ਵਾਰਡਾਂ ਦੀਆਂ 26 ਮਈ ਨੂੰ ਹੋਈਆਂ ਚੋਣਾਂ ਦੇ ਆਏ ਨਤੀਜਿਆਂ 'ਚ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਲਜੀਤ ਕੌਰ ਨੇ ਵਿਰੋਧੀ 'ਆਪ' ਉਮੀਦਵਾਰ ਮਾਇਆ ਦੇਵੀ ਨੂੰ 141 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਵਾਰਡ ਨੰਬਰ 2 ਤੋਂ ਅਕਾਲੀ ਸਮਰਥਕ (ਆਜ਼ਾਦ) ਪ੍ਰਵੀਨ ਲਤਾ ਨੇ ਵਿਰੋਧੀ 'ਆਪ' ਉਮੀਦਵਾਰ ਸਰੋਜ ਰਾਣੀ ਨੂੰ 20 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 3 ਤੋਂ ਅਕਾਲੀ ਉਮੀਦਵਾਰ ਮਨਜਗਮੀਤ ਸਿੰਘ ਨੇ ਆਪਣੇ ਵਿਰੋਧੀ 'ਆਪ' ਉਮੀਦਵਾਰ ਵਿੱਕੀ ਕੁਮਾਰ ਨੂੰ 46 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ | ਵਾਰਡ ਨੰਬਰ 6 ਤੋਂ ਅਕਾਲੀ ਉਮੀਦਵਾਰ ਚਿਮਨ ਲਾਲ ਨੇ ਆਜ਼ਾਦ ਉਮੀਦਵਾਰ ਰਮੇਸ਼ ਕੁਮਾਰ ਨੂੰ 12 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ | ਵਾਰਡ ਨੰਬਰ 9 ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤੇ ਸ਼ੋ੍ਰਮਣੀ ਅਕਾਲੀ ਦਲ ਦੇ ਰਣਜੀਤ ਸਿੰਘ 'ਨਿੱਕਾ' ਵਲੋਂ ਇਤਿਹਾਸ ਸਿਰਜਦੇ ਹੋਏ ਆਪਣੇ ਵਿਰੋਧੀ 'ਆਮ ਆਦਮੀ ਪਾਰਟੀ' ਦੇ ਗੁਰਚਰਨ ਸਿੰਘ ਨੂੰ 76 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਚੋਣ ਜਿੱਤ ਲਈ ਹੈ |