ਗੋਨਿਆਣਾ, 31 ਮਈ (ਲਛਮਣ ਦਾਸ ਗਰਗ)-ਤਿੰਨ ਰੋਜ਼ਾ ਪੰਜਾਬ ਸਟੇਟ ਗਰਲਜ਼ ਵੁਸ਼ੂ ਚੈਂਪੀਅਨਸ਼ਿਪ- 2026 ਦੀ ਸ਼ੁਰੂਆਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਖੇਡ ਮੈਦਾਨ ਵਿਚ ਹੋਈ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਈਆਂ ਖਿਡਾਰਣਾਂ ਨੇ ਵੱਖ-ਵੱਖ ਭਾਰ ਵਰਗਾਂ 'ਚ ਹਿੱਸਾ ਲਿਆ | ਇਸ ਮੌਕੇ ਸਮਾਜ ਸੇਵੀ ਵਿਪਨ ਕੁਮਾਰ ਚੀਕੂ ਅਤੇ ਅਮਨ ਗੋਇਲ ਪ੍ਰਧਾਨ ਨੌਜਵਾਨ ਅਗਰਵਾਲ ਸਭਾ ਗੋਨਿਆਣਾ ਮੰਡੀ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਦਾ ਸਕੂਲ ਪ੍ਰਬੰਧਕਾਂ ਅਤੇ ਆਯੋਜਕ ਕਮੇਟੀ ਵਲੋਂ ਸਵਾਗਤ ਕੀਤਾ ਗਿਆ | ਵਿਪਨ ਕੁਮਾਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭਿਆਨਕ ਬੁਰਾਈ ਤੋਂ ਬਚਾਉਣ ਲਈ ਖੇਡਾਂ ਤੋਂ ਵਧੀਆ ਕੋਈ ਰਾਹ ਨਹੀਂ | ਬੱਚਿਆਂ ਨੂੰ ਮੋਬਾਈਲ ਅਤੇ ਗਲਤ ਸੰਗਤ ਦੀ ਥਾਂ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਭਵਿੱਖ ਮਜ਼ਬੂਤ ਅਤੇ ਨਸ਼ਾ ਮੁਕਤ ਬਣ ਸਕੇ | ਇਸੇ ਤਰ੍ਹਾਂ ਮੁੱਖ ਮਹਿਮਾਨ ਅਮਨ ਗੋਇਲ ਪ੍ਰਧਾਨ ਨੌਜਵਾਨ ਅਗਰਵਾਲ ਸਭਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ, ਅਪਰਾਧ ਅਤੇ ਮਾਨਸਿਕ ਤਣਾਅ ਤੋਂ ਦੂਰ ਰੱਖਣ ਦਾ ਸਭ ਤੋਂ ਵੱਡਾ ਸਾਧਨ ਹਨ | ਉਨ੍ਹਾਂ ਕਿਹਾ ਕਿ ਗੋਨਿਆਣਾ ਮੰਡੀ ਵਿਚ ਇੰਨ੍ਹਾਂ ਵੱਡਾ ਖੇਡ ਸਮਾਗਮ ਕਰਵਾਉਣਾ ਮਾਣ ਵਾਲੀ ਗੱਲ ਹੈ | ਇਸ ਮੌਕੇ ਪ੍ਰਦੀਪ ਸ਼ਰਮਾ ਆਰਗੇਨਾਈਜ਼ਿੰਗ ਜਨਰਲ ਸਕੱਤਰ, ਕੋਚ ਮੱਖਣ ਲਾਲ ਗਰਗ ਅਤੇ ਹਾਕੀ ਕੋਚ ਗੁਰਚਰਨ ਸਿੰਘ ਸਮੇਤ ਕਈ ਖੇਡ ਪ੍ਰੇਮੀ ਵੀ ਹਾਜ਼ਰ ਰਹੇ |