ਰਾਮਾਂ ਮੰਡੀ, 1 ਜੂਨ (ਤਰਸੇਮ ਸਿੰਗਲਾ)-ਪਿੰਡਾਂ ਦੀਆਂ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਐਚ.ਐਮ.ਈ.ਐਲ. ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਕੀਤੇ ਗਏ ਯਤਨਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ | ਪੱਕਾ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਿਛਲੇ ਤਿੰਨ ਸਾਲਾਂ ਦੌਰਾਨ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਨਾਲ ਵਿਦਿਆਰਥੀਆਂ ਨੇ ਕਬੱਡੀ, ਜੂਡੋ, ਸ਼ਤਰੰਜ ਅਤੇ ਕੁਸ਼ਤੀ ਵਿਚ ਰਾਜ ਪੱਧਰ ਤੱਕ ਆਪਣੀ ਪਛਾਣ ਬਣਾਈ ਹੈ | ਸਕੂਲ ਦੇ ਡੀ.ਪੀ.ਈ. ਹਰਪ੍ਰੀਤ ਸਿੰਘ ਦੀ ਪਹਿਲ 'ਤੇ 2022 ਵਿਚ ਐਚ. ਐਮ. ਈ. ਐਲ. ਵਲੋਂ ਕਬੱਡੀ ਮੈਟ ਅਤੇ 2023 ਵਿਚ ਖਿਡਾਰੀਆਂ ਲਈ ਕਿੱਟਾਂ ਦਿੱਤੀਆਂ ਗਈਆਂ | ਇਸ ਤੋਂ ਬਾਅਦ 2024 ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਇਕ ਆਧੁਨਿਕ ਮਲਟੀਪਰਪਜ਼ ਹਾਲ ਬਣਾਇਆ ਗਿਆ, ਜਿਸ ਨਾਲ ਖਿਡਾਰੀਆਂ ਨੂੰ ਲਗਾਤਾਰ ਅਭਿਆਸ ਦਾ ਮੌਕਾ ਮਿਲਿਆ | ਇਨ੍ਹਾਂ ਸਹੂਲਤਾਂ ਦੇ ਨਤੀਜੇ ਵਜੋਂ ਸਕੂਲ ਦੀ ਕਬੱਡੀ ਟੀਮ ਨੇ ਬਲਾਕ ਪੱਧਰ 'ਤੇ 9 ਸੋਨੇ ਦੇ ਤਗਮੇ, ਜ਼ਿਲ੍ਹਾ ਪੱਧਰ 'ਤੇ ਚਾਂਦੀ ਅਤੇ ਕਾਂਸੀ ਦੇ ਤਗਮੇ ਅਤੇ ਰਾਜ ਪੱਧਰ 'ਤੇ 4 ਮੈਡਲ ਜਿੱਤੇ ਹਨ | ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਖੁਸ਼ਪ੍ਰੀਤ ਸਿੰਘ ਨੇ ਲਗਾਤਾਰ ਤਿੰਨ ਸਾਲ ਰਾਜ ਪੱਧਰੀ ਮੁਕਾਬਲਿਆਂ ਵਿਚ ਤਗ਼ਮੇ ਜਿੱਤੇ ਹਨ | ਸ਼ਤਰੰਜ ਖਿਡਾਰਨ ਜੈਸਮੀਨ ਕੌਰ ਨੇ ਰਾਜ ਪੱਧਰ 'ਤੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ, ਜਦਕਿ ਜੂਡੋ ਖਿਡਾਰਨ ਪੂਜਾ ਨੇ ਜ਼ਿਲ੍ਹਾ ਪੱਧਰ 'ਤੇ ਸੋਨਾ ਅਤੇ ਰਾਜ ਪੱਧਰ 'ਤੇ ਚਾਂਦੀ ਦਾ ਤਗ਼ਮਾ ਜਿੱਤਿਆ | ਡੀ.ਪੀ.ਈ. ਹਰਪ੍ਰੀਤ ਸਿੰਘ ਨੇ ਕਿਹਾ ਕਿ ਐਚ. ਐਮ. ਈ. ਐਲ. ਦੀ ਇਸ ਪਹਿਲ ਨਾਲ ਨਾ ਸਿਰਫ਼ ਸਕੂਲ ਦੇ ਵਿਦਿਆਰਥੀ, ਸਗੋਂ ਪਿੰਡ ਦੇ ਹੋਰ ਨੌਜਵਾਨ ਵੀ ਲਾਭ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਬਿਹਤਰ ਖੇਡ ਸਹੂਲਤਾਂ ਅਤੇ ਸਾਜ਼ੋ-ਸਾਮਾਨ ਰਾਹੀਂ ਪਿੰਡਾਂ ਦੇ ਖਿਡਾਰੀ ਹੁਣ ਰਾਸ਼ਟਰੀ ਪੱਧਰ ਤੱਕ ਪਹੁੰਚਣ ਵਿਚ ਸਫ਼ਲ ਹੋ ਰਹੇ ਹਨ |