ਬਠਿੰਡਾ, 1 ਜੂਨ (ਸੱਤਪਾਲ ਸਿੰਘ ਸਿਵੀਆਂ)- ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਦਲਿਤ ਭਾਈਚਾਰੇ ਬਾਰੇ ਬੋਲੇ ਜਾਤੀਸੂਚਕ ਸ਼ਬਦਾਂ ਸਬੰਧੀ ਦਲਿਤ ਸੈਨਾ ਪੰਜਾਬ ਨੇ ਐਸ.ਸੀ. ਕਮਿਸ਼ਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸ਼ਿਕਾਇਤ ਭੇਜ ਕੇ ਬਿੱਟੂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਦਲਿਤ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਵਲੋਂ ਦਲਿਤ ਭਾਈਚਾਰੇ ਤੇ ਉਨ੍ਹਾਂ ਦੀ ਜਾਤੀ ਸਬੰਧੀ ਕੀਤੀਆਂ ਟਿੱਪਣੀਆਂ ਨਾਲ ਸਮੂਹ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਗਈ ਹੈ, ਜਿਸ ਨਾਲ ਬਿੱਟੂ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ | ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦਲਿਤ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਉਨ੍ਹਾਂ ਦੇ ਅਜਿਹੇ ਜਿੰਮੇਵਾਰ ਆਗੂ ਦਲਿਤ ਸਮਾਜ ਦਾ ਜਨਤਕ ਤੌਰ 'ਤੇ ਅਪਮਾਨ ਕਰ ਰਹੇ ਹਨ, ਜਿਸ ਸਬੰਧੀ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਆਪਣਾ ਨਜ਼ਰੀਆ ਸਪੱਸ਼ਟ ਕਰਨਾ ਚਾਹੀਦਾ ਹੈ ਤੇ ਬਿੱਟੂ ਨੂੰ ਮੰਤਰੀ ਦੇ ਆਹੁਦੇ ਤੋਂ ਹਟਾਉਣਾ ਚਾਹੀਦਾ | ਜੋਧਪੁਰੀ ਨੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਤੋਂ ਮੰਗ ਕੀਤੀ ਕਿ ਬਿੱਟੂ ਦੇ ਖਿਲਾਫ ਤੁਰੰਤ ਐਸ.ਸੀ. ਐਕਟ ਤਹਿਤ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਅਮਨਦੀਪ ਸਿੰਘ ਸਿਵੀਆਂ, ਸਾਬਕਾ ਸਰਪੰਚ ਮਿੱਠੂ ਸਿੰਘ ਆਦਿ ਮੌਜੂਦ ਸਨ |