14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਕਾਸ ਦੇ ਦਾਅਵਿਆਂ ਵਿਚਕਾਰ ਵੀ ਨਹੀਂ ਹੋਇਆ ਪਾਣੀ ਨਿਕਾਸੀ ਦਾ ਹੱਲ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਰਾਮਾਂ ਮੰਡੀ, 11 ਜੂਨ (ਤਰਸੇਮ ਸਿੰਗਲਾ)-ਅੱਜ ਸ਼ਾਮ ਪਏ ਮੂਸਲਾਧਾਰ ਮੀਂਹ, ਤੇਜ਼ ਹਨ੍ਹੇਰੀ, ਝੱਖੜ ਅਤੇ ਗੜੇਮਾਰੀ ਨੇ ਸ਼ਹਿਰ ਦੀਆਂ ਵਿਵਸਥਾਵਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਭਾਰੀ ਮੀਂਹ ਕਾਰਨ ਪੂਰਾ ਸ਼ਹਿਰ ਜਲਥਲ ਹੋ ਗਿਆ, ਜਦਕਿ ਕਈ ਬਾਜ਼ਾਰਾਂ ਅਤੇ ਦੁਕਾਨਾਂ ਵਿਚ ਪਾਣੀ ਦਾਖਲ ਹੋਣ ਨਾਲ ਵਪਾਰੀਆਂ ਨੂੰ ਨੁਕਸਾਨ ਝੱਲਣਾ ਪਿਆ | ਖ਼ਾਸ ਤੌਰ 'ਤੇ ਕਮਾਲੂ ਰੋਡ ਬਾਜ਼ਾਰ ਵਿਚ ਪਾਣੀ ਭਰਨ ਦੀ ਸਮੱਸਿਆ ਇੱਕ ਵਾਰ ਫਿਰ ਸਾਹਮਣੇ ਆਈ ਹੈ | ਸਰਕਾਰ ਵਲੋਂ ਕੁਝ ਸਮਾਂ ਪਹਿਲਾਂ ਇਸ ਸੜਕ ਦਾ ਵਿਕਾਸ ਕਰਕੇ ਇਸ ਨੂੰ ਇੰਟਰਲਾਕ ਟਾਈਲਾਂ ਨਾਲ ਤਿਆਰ ਕੀਤਾ ਗਿਆ ਸੀ | ਉਸਾਰੀ ਦੌਰਾਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਅਤੇ ਠੇਕੇਦਾਰ ਨੂੰ ਮੀਂਹ ਦੇ ਪਾਣੀ ਦੀ ਸੁਚੱਜੀ ਨਿਕਾਸੀ ਲਈ ਸੜਕ ਦੇ ਦੋਵੇਂ ਪਾਸੇ ਡੂੰਘੀਆਂ ਨਾਲੀਆਂ ਬਣਾਉਣ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਦੀ ਇਸ ਮੰਗ ਨੂੰ ਅਣਗੌਲਿਆ ਕਰ ਦਿੱਤਾ ਗਿਆ | ਇਸ ਦੀ ਬਜਾਏ ਸੜਕ ਦਾ ਪੱਧਰ ਉੱਚਾ ਕਰ ਦਿੱਤਾ ਗਿਆ, ਜਿਸ ਕਾਰਨ ਹੁਣ ਮੀਂਹ ਦਾ ਪਾਣੀ ਦੁਕਾਨਾਂ ਅਤੇ ਬਾਜ਼ਾਰ ਵਿਚ ਇਕੱਠਾ ਹੋ ਰਿਹਾ ਹੈ | ਸਵਰਨਕਾਰ ਸੰਘ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਬੱਬੂ ਨੇ ਕਿਹਾ ਕਿ ਵਿਕਾਸ ਦੇ ਨਾਂ ਹੇਠ ਕੀਤੇ ਗਏ ਕੰਮਾਂ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਘਟਾਉਣ ਦੀ ਬਜਾਏ ਹੋਰ ਵਧਾ ਦਿੱਤੀਆਂ ਹਨ | ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਉਸਾਰੀ ਸਮੇਂ ਵਪਾਰੀਆਂ ਦੀਆਂ ਸਲਾਹਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ | ਬੱਬੂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਮਾਲੂ ਰੋਡ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਮੀਂਹ ਦੇ ਪਾਣੀ ਦੀ ਨਿਕਾਸੀ ਲਈ ਦੋਵੇਂ ਪਾਸੇ ਪੱਕੀਆਂ ਨਾਲੀਆਂ ਬਣਾਈਆਂ ਜਾਣ ਅਤੇ ਲੋੜ ਪੈਣ 'ਤੇ ਸੜਕ ਦਾ ਮੁੜ ਨਿਰਮਾਣ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਿਹੜਾ ਵਿਕਾਸ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਦੀ ਬਜਾਏ ਵਧਾਏ, ਉਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ |
Ad Position 22
No active advertisement
ਪਿਛਲੀ ਖ਼ਬਰ ਮਾਪ-ਤੋਲ ਮਹਿਕਮੇ ਦੇ ਦਫ਼ਤਰ ਤੋਂ ਵੱਟਿਆਂ ਸਮੇਤ ਹੋਰ ਸਾਜੋ-ਸਮਾਨ ਚੋਰੀ ਅਗਲੀ ਖ਼ਬਰ ਕੋਟਸ਼ਮੀਰ 'ਚ ਆਏ ਮੀਂਹ ਤੇ ਤੇਜ਼ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, ਸੜਕਾਂ ਬੰਦ, ਵੱਡੇ-ਵੱਡੇ ਜਾਮ
Ad Position 24