ਮਾਨਸਾ, 15 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵਲੋਂ ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਬਰਸੀ ਨੂੰ ਸਮਰਪਿਤ ਸਥਾਨਕ ਸੈਂਟਰਲ ਲਾਇਬਰੇਰੀ ਵਿਖੇ ਭਾਸ਼ਣ ਅਤੇ ਵਿਭਾਗ ਦੀਆਂ ਮਹੱਤਵਪੂਰਨ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ | ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਜਿੱਥੇ ਪ੍ਰੋ. ਔਲਖ ਦੀ ਨਾਟ-ਕਲਾ ਅਤੇ ਜੀਵਨ 'ਤੇ ਚਾਨਣਾ ਪਾਇਆ ਉੱਥੇ ਵਿਭਾਗ ਦੇ ਮਹੱਤਵਪੂਰਨ ਕਾਰਜਾਂ ਅਤੇ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ | ਖੋਜ ਅਫ਼ਸਰ ਤੇ ਉੱਘੇ ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਪ੍ਰੋ. ਔਲਖ ਪੰਜਾਬੀ ਦੇ ਅਜਿਹੇ ਨਾਟਕਕਾਰ ਹੋਏ ਹਨ, ਜਿਨ੍ਹਾਂ ਦੇ ਨਾਟਕ ਇੱਕੋ ਵੇਲੇ ਜਨ-ਸਾਧਾਰਨ ਦਰਸ਼ਕ ਅਤੇ ਅਕਾਦਮਿਕ ਹਲਕਿਆਂ ਵਿਚ ਪਸੰਦ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪ੍ਰੋ. ਔਲਖ ਨੇ ਛੋਟੀ ਕਿਸਾਨੀ ਅਤੇ ਕਿਰਤੀਆਂ ਦੇ ਦੁੱਖਾਂ ਦਰਦਾਂ ਨੂੰ ਬਹੁਤ ਡੂੰਘਾਈ ਨਾਲ ਤੇ ਆਮ ਬੋਲ-ਚਾਲ ਦੀ ਭਾਸ਼ਾ ਵਿਚ ਪ੍ਰਸਤੁਤ ਕੀਤਾ ਹੈ | ਇਸ ਮੌਕੇ ਲਾਇਬ੍ਰੇਰੀਅਨ ਗਗਨਦੀਪ ਕੌਰ, ਵਿੱਕਰੀ ਇੰਚਾਰਜ ਸਰਬਜੀਤ ਸਿੰਘ, ਓਮ ਪ੍ਰਕਾਸ਼ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ |