ਬਠਿੰਡਾ, 18 ਜੂਨ (ਪ੍ਰੀਤਪਾਲ ਸਿੰਘ ਰੋਮਾਣਾ): ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਸਿਹਤ ਸੰਸਥਾ ਦੇ ਏਮਜ਼ ਬਠਿੰਡਾ ‘ਚ ਇਕ ਵੱਡੀ ਤਕਨੀਕੀ ਖ਼ਰਾਬੀ ਹੋਣ ਕਾਰਨ ਸਰਵਰ ਡਾਊਨ ਹੋਣ ਕਾਰਨ ਪੂਰਾ ਡਿਜੀਟਲ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਗਿਆ। ਸਰਵਰ ਬੰਦ ਹੋਣ ਕਾਰਨ ਮਰੀਜ਼ਾਂ ਦੀਆਂ ਪਰਚੀਆਂ ਕੱਟਣ ਤੋਂ ਲੈ ਕੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਬਲੱਡ ਸੈਂਪਲ ਲੈਣ ਵਰਗੀਆਂ ਅਹਿਮ ਸੇਵਾਵਾਂ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ। ਇਸ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅਤੇ ਗੁਆਂਢੀ ਸੂਬਿਆਂ ਤੋਂ ਇਲਾਜ ਲਈ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦਕਿ ਇਸ ਮਾਮਲੇ ‘ਚ ਏਮਜ਼ ਦੇ ਅਧਿਕਾਰੀਆਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਯੂਪੀਐਸ ‘ਚ ਤਕਨੀਕੀ ਨੁਕਸ ਆਉਣ ਕਾਰਨ ਸਰਵਰ ਨੂੰ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਗਈ। ਜਿਸ ਕਾਰਨ ਹਸਪਤਾਲ ਦਾ ਡਿਜੀਟਲ ਢਾਂਚਾ ਠੱਪ ਹੋ ਗਿਆ। ਦੱਸਿਆ ਜਾ ਰਿਹਾ ਹੈ, ਕਿ ਪਹਿਲਾਂ ਪਰਚੀਆਂ ਕਟਾਉਣ ਲਈ ਲੰਬੀਆਂ ਲਾਇਨਾਂ ਲੱਗੀਆਂ ਹੋਈਆਂ ਸਨ, ਪ੍ਰੰਤੂ ਕੰਪਿਊਟਰ ਸਿਸਟਮ ਠੱਪ ਹੋਣ ਕਾਰਨ ਕਿਸੇ ਵੀ ਮਰੀਜ਼ ਨੂੰ ਕੰਪਿਊਟਰਾਈਜ਼ਡ ਪਰਚੀ ਨਹੀ ਕੱਟੀ ਜਾ ਰਹੀ ਸੀ। ਲੋਕ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਇਸ ਦੌਰਾਨ ਕਈ ਬਜ਼ੁਰਗ, �ਰਤਾਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਉਨ੍ਹਾਂ ਮਰੀਜ਼ਾਂ ਨੂੰ ਮੁਸ਼ਕਲ ਆਈ ਜੋ ਕਿ ਸਵੇਰ ਸਮੇਂ ਖ਼ਾਲੀ ਪੇਟ ਖ਼ੂਨ ਦਾ ਟੈੱਸਟ ਕਰਵਾਉਣ ਲਈ ਪਹੁੰਚੇ ਸਨ। ਖ਼ੂਨ ਦਾ ਸੈਂਪਲ ਲੈਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਣ ਕਾਰਨ ਉਨ੍ਹਾਂ ਨੂੰ ਕਈ ਘੰਟੇ ਭੁੱਖੇ ਪਿਆਸੇ ਰਹਿਣ ਨੂੰ ਮਜਬੂਰ ਹੋਣਾ ਪਿਆ। ਏਮਜ਼ ‘ਚ ਆਈ ਤਕਨੀਕੀ ਖ਼ਰਾਬੀ ਨੇ ਪੂਰੇ ਕੰਮਕਾਜ ਨੂੰ ਪ੍ਰਭਾਵਿਤ ਕਰ ਦਿੱਤਾ ਤੇ ਘਟਨਾ ਤੋਂ ਬਾਅਦ ਹਸਪਤਾਲ ਦੀਆਂ ਤਕਨੀਕੀ ਟੀਮਾਂ ਲਗਾਤਾਰ ਸਰਵਰ ਨੂੰ ਮੁੜ ਬਹਾਲ ਕਰਨ ‘ਚ ਜੁੱਟੀਆਂ ਰਹੀਆਂ, ਪਰ ਕਈ ਘੰਟਿਆਂ ਤੱਕ ਇਹ ਤਕਨੀਕੀ ਨੁਕਸ ਠੀਕ ਨਹੀ ਹੋ ਸਕਿਆ। ਹੈਰਾਨੀ ਦੀ ਗੱਲ ਹੈ ਕਿ ਹਜ਼ਾਰਾਂ ਮਰੀਜ਼ਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਦੇਰ ਸ਼ਾਮ ਤੱਕ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀ ਕੀਤਾ ਗਿਆ। ਅਧਿਕਾਰੀਆਂ ਨੇ ਵੀ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਸੰਬੰਧੀ ਸਰਬਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਹਾਰਟ ਦੇ ਮਰੀਜ਼ ਹੋਣ ਕਾਰਨ ਲੁਧਿਆਣਾ ਤੋਂ ਇਲਾਜ ਲਈ ਆਏ ਸਨ। ਪਹਿਲੇ ਦਿਨ ਟੈੱਸਟ ਕਰਵਾਉਣ ਤੋਂ ਬਾਦ ਦੂਜੇ ਦਿਨ ਰਿਪੋਰਟ ਲੈਣ ਅਤੇ ਡਾਕਟਰ ਨੂੰ ਦਿਖਾਉਣ ਲਈ ਪਹੁੰਚੇ ਸਨ, ਪਰ ਰਿਪੋਰਟ ਨਹੀ ਮਿਲੀ। ਉਨ੍ਹਾਂ ਕਿਹਾ ਕਿ ਕਈ ਘੰਟੇ ਹਸਪਤਾਲ ‘ਚ ਰਹਿ ਕੇ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ।
ਏਮਜ਼ ਬਠਿੰਡਾ ਦਾ ਸਰਵਰ ਹੋਇਆ ਡਾਊਨ, ਪਰਚੀਆਂ ਕੱਟਣ ਤੋਂ ਲੈ ਕੇ ਬਲੱਡ ਸੈਂਪਲ ਦਾ ਕੰਮ ਠੱਪ
ਅਜੀਤ ਡੈਸਕ
19-06-2026