ਮੌੜ ਮੰਡੀ, 19 ਜੂਨ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਮੌੜ ਦੀ ਜਥੇਬੰਦੀ ਵਲੋਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਮੌੜ ਮੰਡੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਕਾਲੀ ਦਲ (ਬ) ਦੇ ਸੀਨੀਅਰ ਆਗੂਆਂ ਗੁਰਮੇਲ ਸਿੰਘ ਮਾਈਸਰਖਾਨਾ ਮੀਤ ਪ੍ਰਧਾਨ ਜ਼ਿਲ੍ਹਾ ਜਥੇਬੰਦੀ, ਰਾਜਵੰਤ ਸਿੰਘ ਕੋਟਭਾਰਾ ਪ੍ਰਧਾਨ ਜ਼ਿਲ੍ਹਾ ਐਸ.ਸੀ.ਵਿੰਗ ਆਦਿ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਵੀਡੀ� ਕਾਫ਼ੀ ਸਮਾਂ ਪਹਿਲਾਂ ਵਾਇਰਲ ਹੋਇਆ ਸੀ ਜਿਸ ਵਿਚ ਉਹ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਦੀ ਬੇਅਦਬੀ ਕਰਦੇ ਨਜ਼ਰ ਆਏ ਸਨ ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਕਤ ਵੀਡੀਉਜ਼ ਨੂੰ ਫੋਰੈਂਸਿਕ ਲੈਬਾਂ ਵਿਚ ਭੇਜ ਦੇ ਇਸ ਦੀ ਜਾਂਚ ਕਰਵਾਈ ਅਤੇ ਇਹ ਵੀਡੀਉਜ਼ ਸਹੀ ਪਾਈਆਂ ਗਈਆਂ ਹਨ ਜਿਸ ਤੋਂ ਬਾਅਦ ਸਿੱਖ ਜਗਤ ਵਿਚ ਮੁੱਖ ਮੰਤਰੀ ਖਿਲਾਫ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸੱਤਾ ਦੇ ਨਸ਼ੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਗਾ ਰਹੇ ਹਨ। ਜਥੇਦਾਰ ਕੁਲਦੀਪ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦ ਕੇ ਤੁਰੰਤ ਸਜਾ ਦੇਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ ਮਾਈਸਰਖਾਨਾ, ਹਰਵਿੰਦਰ ਸਿੰਘ ਕਾਕਾ ਬੁਰਜ, ਜਗਸੀਰ ਸਿੰਘ ਬੁਰਜ, ਸੁਖਚੈਨ ਸਿੰਘ ਸਿੱਧੂ, ਗੁਰਜੀਤਪਾਲ ਸਿੰਘ ਗਿੰਨੀ ਐਮ ਸੀ, ਸਰਦਾਰਾ ਸਿੰਘ ਐਮ.ਸੀ., ਰਾਜ ਕੁਮਾਰ ਰਾਜੂ, ਜਗਦੀਸ਼ ਸ਼ਰਮਾ, ਸੁਰਿੰਦਰਪਾਲ ਸਿੰਘ ਮਾਹਲ, ਅੰਮ੍ਰਿਤਪਾਲ ਸਿੰਘ ਹਨੀ ਸਰਕਲ ਪ੍ਰਧਾਨ, ਮਨਦੀਪ ਸਿੰਘ ਚਨਾਰਥਲ ਹਲਕਾ ਪ੍ਰਧਾਨ ਯੂਥ ਵਿੰਗ, ਜਸਪਾਲ ਸਿੰਘ ਕੋਟਭਾਰਾ, ਹਰਜਸ ਸਿੰਘ ਘਸੋਖਾਨਾ ਸਰਕਲ ਪ੍ਰਧਾਨ, ਕ੍ਰਿਸ਼ਨ ਸਿੰਘ ਗਹਿਰੀ, ਗੁਰਜੰਟ ਸਿੰਘ ਯਾਤਰੀ, ਜਗਦੀਪ ਸਿੰਘ ਕਮਾਲੂ, ਹਰਬੰਸ ਸਿੰਘ ਸ਼ੰਦੋਹਾ, ਬਲਜੀਤ ਸਿੰਘ ਸੰਦੋਹਾ, ਮੰਦਰ ਸਿੰਘ ਮੌੜ ਖ਼ੁਰਦ, ਮੱਖਣ ਸਿੰਘ ਖ਼ਾਲਸਾ ਮੌੜ ਖ਼ੁਰਦ, ਮਨਦੀਪ ਸਿੰਘ ਬਾਬੇਕਾ, ਹਰਵਿੰਦਰ ਸਿੰਘ ਹੈਪੀ ਜੈਦ ਤੇ ਜੀਤਾ ਸਿੰਘ ਮੌੜ ਆਦਿ ਹਾਜ਼ਰ ਸਨ।