ਭਗਤਾ ਭਾਈਕਾ, 28 ਜੂਨ (ਸੁਖਪਾਲ ਸਿੰਘ ਸੋਨੀ)- ਸੂਬੇ ’ਚ ਲਗਾਤਾਰ ਬਿਜਲੀ ਦੇ ਲੱਗ ਰਹੇ ਲੰਮੇ ਕੱਟ ਤੇ ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰਦਿਆਂ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਨ ਵਕਤ ਝੋਨੇ ਦੀ ਲਵਾਈ ਸਮੇਂ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਖੋਖਲੇ ਸਾਬਿਤ ਹੋਏ ਹਨ । ਸੂਬੇ ’ਚ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ । ਘਰੇਲੂ ਅਤੇ ਖੇਤੀ ਤੋਂ ਇਲਾਵਾ ਉਦਯੋਗਿਕ ਖੇਤਰ ਦੀ ਲੋੜ ਪੂਰੀ ਕਰਨ ’ਚ ਸਰਕਾਰ ਅਸਮਰਥ ਰਹੀ ਹੈ । ਕਿਸਾਨ ਝੋਨਾ ਲਾਉਣ ਲਈ ਪੂਰੀ ਤਰ੍ਹਾਂ ਜਰਨੈਟਰਾਂ ’ਤੇ ਨਿਰਭਰ ਹਨ । ਬਿਜਲੀ ਦੇ ਕੱਟਾਂ ਤੋਂ ਇਲਾਵਾ ਨਹਿਰੀ ਪਾਣੀ ਵੀ ਪੂਰਾ ਨਹੀਂ ਆ ਰਿਹਾ । ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਨਹਿਰਾਂ ਲਗਾਤਾਰ ਸੁੱਕੀਆਂ ਹੀ ਰਹੀਆਂ ਹਨ । ਮੁੱਖ ਮੰਤਰੀ ਨੇ ਝੋਨੇ ਦੀ ਬਿਜਾਈ ਲਈ ਦਿਨ ਵੇਲੇ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਜੋ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ ਨਹਿਰੀ ਪਾਣੀ ਦੇ ਟੇਲਾਂ ਤੱਕ ਪਹੁੰਚਣ ਅਤੇ 100 ਫ਼ੀਸਦੀ ਤੱਕ ਨਹਿਰੀ ਸਪਲਾਈ ਕੋਰਾ ਝੂਠ ਹੈ । ਮਲੂਕਾ ਨੇ ਕਿਹਾ ਕੇ ਨਹਿਰੀ ਪਾਣੀ ਅਤੇ ਖੇਤੀ ਲਈ ਬਿਜਲੀ ਸਪਲਾਈ ਸੂਬੇ ਦੀ ਲਾਈਫ਼ ਲਾਈਨ ਹੈ। ਮੁੱਖ ਮੰਤਰੀ ਪਿਛਲੇ 20 ਸਾਲਾਂ ਦੌਰਾਨ ਕਿਸੇ ਸਾਬਕਾ ਜੱਜ ਦੀ ਅਗਵਾਈ ’ਚ ਕਮਿਸ਼ਨ ਬਣਾ ਕੇ ਨਹਿਰੀ ਪਾਣੀ ਦੀ ਸਪਲਾਈ ਅਤੇ ਖਲਿਆਂ ਦੇ ਪੱਕਾ ਹੋਣ ’ਤੇ ਮੋਟਰਾਂ ਲਈ ਦਿੱਤੇ ਗਏ ਕੁਨੈਕਸ਼ਨਾਂ ਸਬੰਧੀ ਰਿਪੋਰਟ ਤਿਆਰ ਕਰਵਾਉਣ ਅਤੇ ਲੋਕਾਂ ਨੂੰ ਦੱਸਣ ਕੇ ਕਿਸ ਪਾਰਟੀ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਨਹਿਰੀ ਪਾਣੀ ਤੇ ਨਿਰਵਿਘਨ ਬਿਜਲੀ ਦੇਣ ਲਈ ਵੱਧ ਉਪਰਾਲੇ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਇਰਾਨ ਅਤੇ ਅਮਰੀਕਾ ’ਚ ਜੰਗ ਰੁਕਣ ਤੋਂ ਬਾਅਦ ਕੱਚੇ ਤੇਲ ਦੇ ਰੇਟ ਮੁੜ ਬਹੁਤ ਘੱਟ ਹੋ ਗਏ ਹਨ । ਮਲੂਕਾ ਨੇ ਕੇਂਦਰ ਸਰਕਾਰ ਨੂੰ ਵੀ ਡੀਜ਼ਲ ਤੇ ਪੈਟਰੋਲ ਦੇ ਰੇਟ ਤੁਰੰਤ ਘੱਟ ਕਰਨ ਦੀ ਅਪੀਲ ਕੀਤੀ।
ਝੋਨੇ ਦੀ ਬਿਜਾਈ ਲਈ ਲੋੜੀਂਦੀ ਬਿਜਲੀ ਤੇ ਨਹਿਰੀ ਪਾਣੀ ਦੇਣ ’ਚ ਅਸਫਲ ਰਹੀ ਸਰਕਾਰ- ਮਲੂਕਾ
ਅਜੀਤ ਡੈਸਕ
29-06-2026