ਬਠਿੰਡਾ, 28 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਬਠਿੰਡਾ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਕਾਮਰੇਡ ਗੁਰਮੀਤ ਕੌਰ ਬੁਰਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਦੇ ਮੁੱਦਿਆਂ ਉੱਪਰ ਲੋਕਾਂ ਨੂੰ ਚੇਤਨ ਅਤੇ ਲਾਮਬੰਦ ਕਰਨ ਲਈ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ 10 ਜੁਲਾਈ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਜਾਵੇਗੀ । ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਅਤੇ ਕੇਂਦਰੀ ਐਗਜ਼ੈਕਟਿਵ ਕਮੇਟੀ ਮੈਂਬਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਕੌਮਾਂਤਰੀ ਪੱਧਰ ’ਤੇ ਅਮਰੀਕੀ ਸਾਮਰਾਜ ਦਾ ਪਿੱਠੂ ਬਣ ਕੇ ਦੇਸ਼ ਦਾ ਮਾਣ ਸਨਮਾਨ ਮਿੱਟੀ ’ਚ ਰੋਲ ਦਿੱਤਾ ਹੈ । ਕਾ. ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਰੇਗਾ ਕਾਨੂੰਨ ਖ਼ਤਮ ਕਰਕੇ 14 ਕਰੋੜ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ ਅਤੇ ਚਾਰ ਕਿਰਤ ਕਾਨੂੰਨ ਲਾਗੂ ਕਰਕੇ ਮਜ਼ਦੂਰਾਂ ਦੀ ਸਥਿਤੀ ਇਕ ਬੰਧੂਆ ਮਜ਼ਦੂਰ ਵਰਗੀ ਬਣਾ ਦਿੱਤੀ ਹੈ। ਸਾਬਕਾ ਵਿਧਾਇਕ ਅਤੇ ਸੀਪੀਆਈ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਕੇਂਦਰੀਕਰਨ ਦੀ ਨੀਤੀ ’ਤੇ ਚੱਲ ਕੇ ਭਾਰਤੀ ਸੰਵਿਧਾਨ ਵਿਚ ਰਾਜਾਂ ਨੂੰ ਮਿਲੇ ਹੋਏ ਅਧਿਕਾਰਾਂ ਨੂੰ ਖ਼ਤਮ ਕਰ ਰਹੀ ਹੈ ਅਤੇ ਦੇਸ਼ ਦੇ ਫੈਡਰਲ ਢਾਂਚੇ ’ਤੇ ਡੂੰਘੀ ਸੱਟ ਮਾਰ ਰਹੀ ਹੈ। ਕਾ. ਅਰਸ਼ੀ ਨੇ ਮੰਗ ਕੀਤੀ ਕਿ ਪੰਜਾਬ ਦੇ ਦਰਿਆਵਾਂ ਦਾ ਕੰਟਰੋਲ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਅਤੇ ਪਿਛਲੇ ਸਮੇਂ ਵਿਚ ਕੀਤੇ ਗਏ ਪਾਣੀਆਂ ਬਾਰੇ ਸਮਝੌਤੇ ਰੱਦ ਕਰਕੇ ਰਿਪੇਰੀਅਨ ਅਧਾਰ ’ਤੇ ਪਾਣੀ ਦੀ ਮੁੜ ਵੰਡ ਕੀਤੀ ਜਾਵੇ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਮੰਗ ਕੀਤੀ ਕਿ ਝੋਨੇ ਦੀ ਖੇਤੀ ਲਈ ਘੱਟੋਂ ਘੱਟ 12 ਘੰਟੇ ਰੋਜ਼ਾਨਾ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਮੀਟਿੰਗ ਵਿਚ ਸੀ.ਪੀ.ਆਈ. ਦੀ ਜ਼ਿਲ੍ਹਾ ਐਗਜ਼ੈਕਟਿਵ ਦੀ ਚੋਣ ਵੀ ਕੀਤੀ ਗਈ ਅਤੇ ਜਸਵੀਰ ਸਿੰਘ ਆਕਲੀਆ ਤੇ ਮੱਖਣ ਸਿੰਘ ਗੁਰੂਸਰ ਨੂੰ ਜ਼ਿਲ੍ਹਾ ਮੀਤ ਸਕੱਤਰ ਚੁਣਿਆ ਗਿਆ। ਇਸ ਮੌਕੇ ਮਿੱਠੂ ਸਿੰਘ ਘੁੱਦਾ, ਪੂਰਨ ਸਿੰਘ ਗੁੰਮਟੀ, ਜਰਨੈਲ ਸਿੰਘ ਯਾਤਰੀ, ਜਸਵੀਰ ਕੌਰ ਸਰਾਂ, ਜਸਵਿੰਦਰ ਸਿੰਘ ਭਾਈ ਰੂਪਾ, ਰਾਜਾ ਸਿੰਘ ਦਾਨ ਸਿੰਘ ਵਾਲਾ, ਦਰਸ਼ਨ ਸਿੰਘ ਫੁੱਲੋਂ ਮਿੱਠੀ, ਹਰਨੇਕ ਸਿੰਘ ਆਲੀਕੇ, ਗੁਰਜੰਟ ਸਿੰਘ ਕੋਟਸ਼ਮੀਰ, ਰਣਜੀਤ ਸਿੰਘ ਮਹਿਰਾਜ, ਸੁਖਦੇਵ ਸਿੰਘ ਕੁੱਬੇ ਅਤੇ ਮੱਖਣ ਸਿੰਘ ਜੋਧਪੁਰ ਨੇ ਵੀ ਸੰਬੋਧਨ ਕੀਤਾ ।
ਸੀ.ਪੀ.ਆਈ. ਵਲੋਂ ਪੰਜਾਬ ਦੇ ਮੁੱਦਿਆਂ ’ਤੇ 10 ਜੁਲਾਈ ਨੂੰ ਬਠਿੰਡਾ ’ਚ ਹੋਵੇਗੀ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ
ਅਜੀਤ ਡੈਸਕ
29-06-2026