* ਲੱਤ ’ਚ ਗੋਲੀ ਲੱਗਣ ਕਰਕੇ ਇਕ ਜ਼ਖ਼ਮੀ, ਮੁਕਾਬਲੇ ਮਗਰੋਂ ਅਸਲੇ ਸਮੇਤ ਚਾਰ ਲੋੜੀਂਦੇ ਜਣੇ ਕਾਬੂ * ਕਥਿਤ ਦੋਸ਼ੀ ਆਪਣੇ ਵਿਰੋਧੀ ਗੈਂਗ ਦੇ ਬੰਦੇ ਦਾ ਕਤਲ ਕਰਨ ਜਾ ਰਹੇ ਸਨ- ਡੀ.ਜੀ.ਪੀ.
ਬਠਿੰਡਾ, 30 ਜੂਨ (ਸੱਤਪਾਲ ਸਿੰਘ ਸਿਵੀਆਂ)- ਬੰਬੀਹਾ ਗੈਂਗ ਨਾਲ ਜੁੜੇ ਜੱਗਾ ਤਖ਼ਤਮੱਲ ਅਤੇ ਸੂਰਜ ਦੇ ਕੁਝ ਬੰਦਿਆਂ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਬਠਿੰਡਾ ਦਰਮਿਆਨ ਇੱਥੋਂ ਦੀ ਸਰਹਿੰਦ ਨਹਿਰ ਦੇ ਕਿਨਾਰੇ ਪਿੰਡ ਬੀਬੀਵਾਲਾ ਕੋਲ ਗੋਲੀਬਾਰੀ ਹੋਈ ਹੈ, ਜਿਸ ਵਿਚ ਜਿੱਥੇ ਹਮਲਾਵਰ ਗਰੁੱਪ ਦੇ ਇਕ ਗੁਰਗੇ ਦੇ ਗੋਲੀ ਲੱਗੀ ਹੈ, ਉੱਥੇ ਟਾਸਕ ਫੋਰਸ ਦੀ ਗੱਡੀ ’ਤੇ ਵੀ ਗੋਲੀਆਂ ਲੱਗੀਆਂ ਹਨ। ਮੁਕਾਬਲੇ ਬਾਅਦ ਫੋਰਸ ਨੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ, ਉਨ੍ਹਾਂ ਕੋਲੋਂ ਅਸਲਾ ਬਰਾਮਦ ਕੀਤਾ ਹੈ । ਇਸ ਸੰਬੰਧੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਇਕ ਅਪਰਾਧਿਕ ਨੈੱਟਵਰਕ ਨਾਲ ਸੰਬੰਧਿਤ ਹਨ ਅਤੇ ਬਠਿੰਡਾ ਦੇ ਭਗਤਾ ਭਾਈਕਾ ਥਾਣੇ ਵਿਚ ਦਰਜ ਇਕ ਤਾਜ਼ਾ ਅਪਰਾਧਿਕ ਮਾਮਲੇ ਵਿਚ ਲੋੜੀਂਦੇ ਸਨ । ਇਨ੍ਹਾਂ ਦੇ ਸਾਰੇ ਸੰਬੰਧਾਂ ਦਾ ਪਤਾ ਲਗਾਉਣ ਅਤੇ ਹੋਰ ਸਾਥੀਆਂ ਦੀ ਪਛਾਣ ਕਰਨ ਪੂਰੇ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਕਾਰਵਾਈ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਜੀ.ਟੀ.ਐਫ. ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਮੋਦ ਬਾਨ ਨੇ ਦੱਸਿਆ ਕਿ ਜਦੋਂ ਏ.ਜੀ.ਟੀ.ਐਫ. ਬਠਿੰਡਾ ਦੀ ਟੀਮ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰ ਰਹੀ ਸੀ ਤਾਂ ਪਿੰਡ ਗੋਬਿੰਦਪੁਰਾ ਨੇੜੇ ਸਰਹਿੰਦ ਨਹਿਰ ਲਿੰਕ ਰੋਡ ’ਤੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਨੀਅਤ ਨਾਲ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਸਵੈ-ਰੱਖਿਆ ਵਿਚ ਪੁਲਿਸ ਨੇ ਵੀ ਨਿਯੰਤਰਿਤ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਗੁਰਵਿੰਦਰ ਉਰਫ਼ ਮੰਨਾ ਦੀ ਲੱਤ ਵਿਚ ਗੋਲੀ ਲੱਗੀ ਅਤੇ ਦੋ ਗੋਲੀਆਂ ਪੁਲਿਸ ਦੀ ਗੱਡੀ ਨੂੰ ਵੀ ਲੱਗੀਆਂ ਪਰ ਪੁਲਿਸ ਪਾਰਟੀ ਨੇ ਮੁਕਾਬਲੇ ਉਪਰੰਤ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਲਿਆ, ਜਿਨ੍ਹਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ਼ ਮੰਨਾ, ਗੁਰਦੀਪ ਸਿੰਘ ਉਰਫ਼ ਕਾਲਾ ਤੇ ਸੁਖਚੈਨ ਸਿੰਘ ਉਰਫ਼ ਪੀਲਾ ਵਾਸੀਆਨ ਪਿੰਡ ਸਲਾਬਤਪੁਰਾ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਪਿੰਡ ਦੁਲੇਵਾਲਾ (ਬਠਿੰਡਾ) ਵਜੋਂ ਹੋਈ ਹੈ ਤੇ ਇਨ੍ਹਾਂ ਦੇ ਕਬਜ਼ੇ ’ਚੋਂ ਇਕ 9.ਐਮ.ਐਮ.ਗਲੌਕ ਪਿਸਤੌਲ, ਇਕ.30 ਬੋਰ ਪਿਸਤੌਲ, 5 ਜਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਅਤੇ ਬੁਲੇਟ ਮੋਟਰਸਾਈਕਲ ਬਰਾਮਦ ਕਰਦਿਆਂ ਇਨ੍ਹਾਂ ਦੇ ਖ਼ਿਲਾਫ਼ ਥਾਣਾ ਕੈਂਟ ਵਿਚ ਮੁਕੱਦਮਾ ਦਰਜ ਕੀਤਾ ਹੈ । ਏ.ਡੀ.ਜੀ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਡਕੈਤੀ, ਅਸਲਾ ਐਕਟ, ਐਨ.ਡੀ.ਪੀ.ਐਸ. ਐਕਟ ਸਮੇਤ ਹੋਰ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ ਅਤੇ ਮੁਢਲੀ ਜਾਂਚ ਤੋਂ ਸਾਹਮਣੇ ਆਇਆ ਕਿ ਇਹ ਆਪਣੇ ਵਿਰੋਧੀ ਗੈਂਗ ਦੇ ਇਕ ਮੈਂਬਰ ਦਾ ਕਤਲ ਕਰਨ ਜਾ ਰਹੇ ਸਨ ।
ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਬੰਬੀਹਾ ਗੈਂਗ ਨਾਲ ਜੁੜੇ ਬੰਦਿਆਂ ਵਿਚਕਾਰ ਚੱਲੀਆਂ ਗੋਲੀਆਂ
ਅਜੀਤ ਡੈਸਕ
01-07-2026