ਸੰਗਤ ਮੰਡੀ, 2 ਜੁਲਾਈ (ਅੰਮ੍ਰਿਤਪਾਲ ਸ਼ਰਮਾ, ਸੁਖਤੇਜ ਧਾਲੀਵਾਲ)- ਬੀਤੀ ਰਾਤ ਸੰਗਤ ਮੰਡੀ ‘ਚ ਪਏ ਭਾਰੀ ਮੀਂਹ ਨਾਲ ਮੁੱਖ ਬਾਜ਼ਾਰ ਪਾਣੀ ਨਾਲ ਭਰ ਗਿਆ, ਜਿਸ ਕਾਰਨ ਹੜ੍ਹਾਂ ਵਰਗੀ ਬਣੀ ਸਥਿਤੀ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਇਲਾਕੇ ‘ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੰਤਾਂ ਦੀ ਗਰਮੀ ਤੋਂ ਬਾਅਦ ਰਾਤ ਸਮੇਂ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਜ਼ਰੂਰ ਮਿਲੀ ਹੈ, ਉੱਥੇ ਮੰਡੀ ਦਾ ਮੁੱਖ ਬਾਜ਼ਾਰ ਗੋਡੇ-ਗੋਡੇ ਪਾਣੀ ਨਾਲ ਭਰ ਜਾਣ ਕਾਰਨ ਪ੍ਰੇਸ਼ਾਨੀ ਵੀ ਹੋਈ ਹੈ। ਸੰਗਤ ਮੰਡੀ ਵਾਸੀ ਮੁਨੀਸ਼ ਕੁਮਾਰ ਟਿੰਕੂ, ਅਸ਼ੋਕ ਕੁਮਾਰ ਸਿੰਗਲਾ ਅਤੇ ਅਮਿਤ ਸ਼ਰਮਾ ਨੇ ਦੱਸਿਆ ਕਿ ਕਈ ਦੁਕਾਨਾਂ ਅੰਦਰ ਪਾਣੀ ਦਾਖ਼ਲ ਹੋ ਗਿਆ, ਜਿਸ ਕਾਰਨ ਦੁਕਾਨਦਾਰਾਂ ਨੂੰ ਦੁਕਾਨਾਂ ਅੰਦਰ ਪਿਆ ਸਮਾਨ ਖ਼ਰਾਬ ਹੋ ਜਾਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਬਰਸਾਤੀ ਪਾਣੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਆਈ ਹੈ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਦੇ ਕਰੀਬ 20 ਘੰਟੇ ਬਾਅਦ ਵੀ 5-5 ਫੁੱਟ ਤੱਕ ਪਾਣੀ ਮੁੱਖ ਬਾਜ਼ਾਰ ਅੰਦਰ ਭਰਿਆ ਪਿਆ ਹੈ ਅਤੇ ਦੁਕਾਨਾਂ ਮੂਹਰੇ ਬਣੇ 4-4 ਫੁੱਟ ਉੱਚੇ ਥੜ੍ਹੇ ਮੀਂਹ ਦੇ ਪਾਣੀ ‘ਚ ਪੂਰੀ ਤਰ੍ਹਾਂ ਡੁੱਬ ਚੁਕੇ ਹਨ। ਸੰਗਤ ਮੰਡੀ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਫ਼ੌਰੀ ਤੌਰ ‘ਤੇ ਰਾਹਤ ਦੀ ਮੰਗ ਕਰਦੇ ਹੋਏ ਕਿਹਾ ਕਿ ਬਾਜ਼ਾਰ ‘ਚ ਖੜ੍ਹੇ ਮੀਂਹ ਦਾ ਪਾਣੀ ਜਲਦੀ ਤੋਂ ਜਲਦੀ ਹੱਲ ਕਰਵਾ ਕੇ ਸਥਿਤੀ ਆਮ ਵਰਗੀ ਕਰਵਾਈ ਜਾਵੇ ਤਾਂ ਜੋ ਦੁਕਾਨਦਾਰਾਂ ਦਾ ਹੋਰ ਨੁਕਸਾਨ ਤੋਂ ਬਚਾਅ ਹੋ ਸਕੇ।
ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਸੰਗਤ ਮੰਡੀ ਦੇ ਮੁੱਖ ਬਾਜ਼ਾਰ ’ਚ ਪਾਣੀ ਭਰਿਆ
ਅਜੀਤ ਡੈਸਕ
03-07-2026