ਰਾਮਪੁਰਾ ਫੂਲ, 2 ਜੁਲਾਈ (ਹੇਮੰਤ ਕੁਮਾਰ ਸ਼ਰਮਾ)- ਰਾਮਪੁਰਾ ਫੂਲ ਸ਼ਹਿਰ ਦੇ ਹੋਣਹਾਰ ਵਿਦਿਆਰਥੀ ਇਸ਼ਾਨ ਤਾਇਲ ਨੇ ਆਪਣੀ ਅਸਾਧਾਰਣ ਯਾਦ-ਸ਼ਕਤੀ, ਗਣਿਤਕ ਹੁਨਰ ਅਤੇ ਤੇਜ਼ ਰਫ਼ਤਾਰ ਦਾ ਪ੍ਰਦਰਸ਼ਨ ਕਰਦਿਆਂ ਇੱਕ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ । ਇਸ਼ਾਨ ਨੇ 11 ਅੰਕਾਂ ਦੇ ਇਕ ਪਹਾੜ੍ਹੇ ਨੂੰ 100 ਲਾਈਨਾਂ ਤੱਕ ਤੇਜ਼ ਗਤੀ ਨਾਲ ਸੁਣਾ ਕੇ ਇਹ ਵਿਲੱਖਣ ਉਪਲਬਧੀ ਹਾਸਿਲ ਕੀਤੀ ਹੈ। ਇਸ ਸ਼ਾਨਦਾਰ ਪ੍ਰਾਪਤੀ ਤੋ ਬਾਅਦ ਰਾਮਪੁਰਾ ਫੂਲ ਅਤੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ । ਸਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਸੇਂਟ ਜੇਵੀਅਰ ਸਕੂਲ ਦੀ ਦਸਵੀਂ ਕਲਾਸ ਦੇ ਵਿਦਿਆਰਥੀ ਇਸ਼ਾਨ ਤਾਇਲ ਸਪੁੱਤਰ ਸੰਦੀਪ ਕੁਮਾਰ ਨੇ 10 ਅਰਬ 2 ਲੱਖ 72 ਹਜ਼ਾਰ 405 ਦਾ ਪਹਾੜਾ ਸਿਰਫ਼ 3 ਮਿੰਟ 52 ਸੈਕੰਡ ਵਿਚ 100 ਲਾਈਨਾਂ ਤੱਕ ਸੁਣਾ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਸ ਨੇ ਇਸ ਦੀ ਤਿਆਰੀ ਅਬੈਕਸ ਅਤੇ ਵੈਧਿਕ ਮੈਥ ਵਿਧੀ ਦੇ ਨਾਲ ਆਪਣੀ ਸਪੀਡ ਅਤੇ ਫੋਕਸ ਨੂੰ ਵਧਾ ਕੇ ਵੈਦਿਕ ਮੈਥ ਟ੍ਰੇਨਰ ਅਪੈਕਸ਼ਾ ਦੇ ਮਾਰਗਦਰਸ਼ਨ ਵਿਚ ਕੀਤੀ ਹੈ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਨੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਇਸ ਨੂੰ ਇਕ ਨਵਾਂ ਵਰਲਡ ਰਿਕਾਰਡ ਘੋਸ਼ਿਤ ਕੀਤਾ ਹੈ। ਸੇਂਟ ਜੇਵੀਅਰ ਸਕੂਲ ਦੇ ਮੈਨੇਜਰ ਫਾਦਰ ਐਡਰਿਓ ਫਰਨਾਂਡਿਜ਼, ਕੋਆਰਡੀਨੇਟਰ ਪ੍ਰੇਮ ਲਤਾ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਚਮਕੌਰ ਸਿੰਘ, ਆਰੀਆ ਸਕੂਲ ਦੇ ਪ੍ਰਿੰਸੀਪਲ ਕੁਲਜੀਤ ਸਿੰਘ ਸਿੱਧੂ, ਟੀਪੀਡੀ ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ: ਬਲਜਿੰਦਰ ਸਿੰਘ, ਡਾ: ਸੁਰਿੰਦਰ ਅਗਰਵਾਲ, ਡਾ: ਮਾਲਤੀ ਸਿੰਗਲਾ, ਡਾ: ਨਰਿੰਦਰ ਗਰੋਵਰ, ਡਾ: ਅਨੀਤਾ ਗਰੋਵਰ, ਡਾ: ਆਰ ਪੀ ਸਿੰਘ ਸਮੇਤ ਸ਼ਹਿਰ ਦੀਆਂ ਅਨੇਕਾਂ ਧਾਰਮਿਕ, ਸਮਾਜਿਕ ਅਤੇ ਵਪਾਰਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਇਸ਼ਾਨ ਤਾਇਲ ਅਤੇ ਸ਼ਾਰਪ ਬ੍ਰੇਨਸ ਸੰਸਥਾ ਨੂੰ ਹਾਰਦਿਕ ਵਧਾਈ ਦਿੱਤੀ ਹੈ।
10 ਅਰਬ 2 ਲੱਖ 72 ਹਜ਼ਾਰ 405 ਦਾ ਪਹਾੜਾ 100 ਲਾਈਨਾਂ ਤੱਕ ਸੁਣਾ ਕੇ ਰਾਮਪੁਰਾ ਫੂਲ ਦੇ ਇਸ਼ਾਨ ਤਾਇਲ ਨੇ ਬਣਾਇਆ ਨਵਾਂ ਵਰਲਡ ਰਿਕਾਰਡ
ਅਜੀਤ ਡੈਸਕ
03-07-2026