ਤਲਵੰਡੀ ਸਾਬੋ, 2 ਜੁਲਾਈ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵਲੋਂ ਮਸਨੂਈ ਬੁੱਧੀ (ਏ.ਆਈ.) ਤੇ ਰੋਬੋਟਿਕਸ ਵਿਸ਼ੇ ’ਤੇ 15 ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ‘ਇਨਫੋਟੈਕ ‘ਐਨ’ਟੈਨਮੈਂਟ ਇੰਕ’ ਤੋਂ ਇੰਜ਼. ਰੂਪਲ ਪਟੇਲ, ਡੀਨ, ਡਾ. ਵਿਜੈ ਲਕਸ਼ਮੀ ਅਤੇ ਵੱਖ-ਵੱਖ ਕੰਪਿਊਟਰ ਮਾਹਿਰਾਂ ਨੇ ਏ. ਆਈ. ਆਧਾਰਿਤ ਐਪਲੀਕੇਸ਼ਨਾਂ ’ਤੇ ਸੈਸ਼ਨਾਂ ਦੌਰਾਨ ਜਾਣਕਾਰੀ ਸਾਂਝੀ ਕੀਤੀ। ਕੈਂਪ ਵਿਚ ਯੂਨੀਵਰਸਿਟੀ ਦੇ ਫੈਕਲਟੀ ਮੈਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੰਪਿਊਟਰ ਮਾਹਿਰ ਇੰਜ. ਪਟੇਲ ਨੇ ਰੋਬੋਟਿਕਸ, ਪ੍ਰੋਗਰਮਿੰਗ, ਆਟੋਮੇਸ਼ਨ ਤਕਨਾਲੋਜੀ, ਸੈਂਸਰ ਏਕੀਕਰਨ ਅਤੇ ਕੋਡਿੰਗ ਆਦਿ ਬਾਰੇ ਵਿਹਾਰਕ ਜਾਣਕਾਰੀ ਦਿੱਤੀ। ਉਨ੍ਹਾਂ ਭਾਗੀਦਾਰਾਂ ਨੂੰ ਆਪਣੇ ਹੁਨਰ ਨੂੰ ਪ੍ਰੋਜੈਕਟ ਅਧਾਰਿਤ ਪਹੁੰਚ ਅਤੇ ਉਦਯੋਗਾਂ ਦੀ ਲੋੜ ਅਨੁਸਾਰ ਨਿਖਾਰਨ ਦੀ ਗੱਲ ਕਹੀ। ਉਨ੍ਹਾਂ ਅਨੁਸਾਰ ਏ.ਆਈ ਦੇ ਖੇਤਰ ਵਿਚ ਤੇਜ਼ੀ ਨਾਲ ਆ ਰਹੇ ਬਦਲਾਵਾਂ ਕਾਰਣ ਕੰਪਿਊਟਰ ਇੰਜੀਨੀਅਰਾਂ ਨੂੰ ਹਮੇਸ਼ਾ ਸੁਚੇਤ ਰਹਿਣਾ ਪਵੇਗਾ ਤੇ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਪਵੇਗਾ। ਡੀਨ, ਡਾ. ਲਕਸ਼ਮੀ ਨੇ ਤਕਨੀਕੀ ਸੈਸ਼ਨਾਂ ਵਿਚ ਕੰਪਿਊਟਰ ਅਤੇ ਏ. ਆਈ. ਨੂੰ ਜ਼ਿੰਦਗੀ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਸਾਨੂੰ ਏ. ਆਈ ਤੋਂ ਡਰਨ ਦੀ ਬਜਾਏ ਲੋਕ-ਹਿੱਤ ਵਿਚ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਲਈ ਇਸ ਖੇਤਰ ਵਿਚ ਰੁਜ਼ਗਾਰ ਅਤੇ ਨਵੇਂ ਸਟਾਰਟ-ਅੱਪ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਸੁਰੱਖਿਆ ਅਤੇ ਨਵਵਿਆਉਣ ਊਰਜਾ ਆਦਿ ਖੇਤਰਾਂ ਵਿਚ ਇਸ ਦੇ ਇਸਤੇਮਾਲ ਦੀ ਗੱਲ ਕਹੀ। ਉਨ੍ਹਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਦਾ ਵਿਕਾਸ ਹੋਵੇਗਾ। ਸਮਰ ਕੈਂਪ ਵਿਚ ਕੁਆਰਡੀਨੇਟਰ, ਡਾ: ਰਜਿੰਦਰ ਕੁਮਾਰ ਅਤੇ ਕੋ-ਕੁਆਰਡੀਨੇਟਰ, ਡਾ: ਮਨਪ੍ਰੀਤ ਕੌਰ ਦੀ ਟੀਮ ਦਾ ਤਾਲਮੇਲ ਅਤੇ ਪ੍ਰਬੰਧਨ ਸ਼ਲਾਘਾਯੋਗ ਰਿਹਾ।
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਰਟੀਫ਼ਿਸ਼ੀਅਲ ਇਟੈਲੀਜੈਂਸ ਅਤੇ ਰੋਬੋਟਿਕਸ ਤਕਨੀਕਾਂ ਬਾਰੇ 15 ਰੋਜ਼ਾ ਸਮਰ ਕੈਂਪ ਲਗਾਇਆ
ਅਜੀਤ ਡੈਸਕ
03-07-2026