ਭੁੱਚੋ ਮੰਡੀ, 6 ਜੁਲਾਈ (ਬਿੱਕਰ ਸਿੰਘ ਸਿੱਧੂ, ਪਰਵਿੰਦਰ ਸਿੰਘ ਜੌੜਾ)-ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨਗੀ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ। ਚੋਣ ਵਿਚ ਕਾਂਗਰਸੀ ਕੌਂਸਲਰ ਨੀਨਾ ਬਾਂਸਲ ਨਗਰ ਕੌਂਸਲ ਦੇ ਪ੍ਰਧਾਨ, ਅਜ਼ਾਦ ਕੌਂਸਲਰ ਅੰਜਲੀ ਗਰਗ ਸੀਨੀਅਰ ਮੀਤ ਪ੍ਰਧਾਨ ਅਤੇ ਅਜ਼ਾਦ ਕੌਂਸਲਰ ਰੁਪਿੰਦਰ ਕੌਰ ਮੀਤ ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਐੱਸ.ਡੀ.ਐੱਮ. ਅਮਨਦੀਪ ਸਿੰਘ ਮਾਹੀ ਦੀ ਦੇਖ-ਰੇਖ ਹੇਠ ਕਰਵਾਈ ਗਈ। ਚੋਣ ਸਮੇਂ ਅਕਾਲੀ ਦਲ ਵਾਲੇ ਧੜੇ ਕੋਲ 6 ਕੌਂਸਲਰਾਂ ਨੂੰ ਅਜ਼ਾਦ ਕੌਂਸਲਰ ਅੰਜਲੀ ਗਰਗ ਦੇ ਸਮਰਥਨ ਨਾਲ 7 ਕੌਂਸਲਰ ਸਨ ਅਤੇ ਦੂਸਰੇ ਪਾਸੇ ਇਕ ਕੌਂਸਲਰ ਵਾਲੀ ਆਮ ਆਦਮੀ ਪਾਰਟੀ ਵਾਲੇ ਧੜੇ ਕੋਲ ਵੀ 2 ਅਜ਼ਾਦ ਕੌਂਸਲਰ, 3 ਕਾਂਗਰਸ ਦੇ ਕੌਂਸਲਰਾਂ ਦੇ ਸਮਰਥਣ ਨਾਲ 6 ਕੌਂਸਲਰ ਸਨ ਅਤੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਵੋਟ ਦੇ ਸਮਰਥਣ ਨਾਲ ਇਸ ਧੜੇ ਦੇ ਵੀ 7 ਕੌਂਸਲਰ ਹੋਣ ਕਾਰਨ ਦੋਨੋਂ ਧੜਿਆਂ ਦੇ ਕੌਂਸਲਰਾਂ ਦੀ ਗਿਣਤੀ ਬਰਾਬਰ ਹੋਣ ਕਾਰਨ ਪਰਚੀ ਸਿਸਟਮ ਰਾਹੀ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ, ਜਿਸ ਦੌਰਾਨ ਕਾਂਗਰਸ ਵਾਲੇ ਧੜੇ ਨੂੰ ਵਿਧਾਇਕ ਦੀ ਵੋਟ ਮਿਲਣ ਕਾਰਨ ਕਾਂਗਰਸ ਦੀ ਕੌਂਸਲਰ ਨੀਨਾ ਬਾਂਸਲ ਨੂੰ ਨਗਰ ਕੌਂਸਲ ਦੀ ਪ੍ਰਧਾਨ ਚੁਣ ਲਿਆ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਪਰਚੀ ਅਜ਼ਾਦ ਕੌਂਸਲਰ ਅੰਜਲੀ ਗਰਗ ਦੇ ਹਿੱਸੇ ਆਈ ਤੇ ਉਨ੍ਹਾਂ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਵਜੋਂ ਹੋਈ ਅਤੇ ਮੀਤ ਪ੍ਰਧਾਨ ਦੀ ਚੋਣ ਪਰਚੀ ਅਜ਼ਾਦ ਕੌਂਸਲਰ ਰੁਪਿੰਦਰ ਕੌਰ ਦੇ ਹੱਕ ਵਿਚ ਨਿੱਕਲੀ। ਚੋਣ ਦੌਰਾਨ ਡੀ.ਐੱਸ.ਪੀ. ਗੁਰਪ੍ਰੀਤ ਸਿੰਘ, ਡੀ.ਐੱਸ.ਪੀ. ਪ੍ਰਿਤਪਾਲ ਸਿੰਘ ਅਤੇ ਡੀ.ਐੱਸ.ਪੀ. ਸੰਦੀਪ ਭਾਟੀ ਨੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਨਥਾਣਾ ਅੰਮ੍ਰਿਤਾ ਅਗਰਵਾਲ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਪਨ ਕੁਮਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।
ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨਗੀ ਆਈ ਆਪ ਦੀ ਸਮਰਥਕ ਕਾਂਗਰਸੀ ਕੌਂਸਲਰ ਨੀਨਾ ਬਾਂਸਲ ਦੇ ਹੱਥ
ਅਜੀਤ ਡੈਸਕ
07-07-2026