ਚਾਉਕੇ , 6 ਜੁਲਾਈ (ਮਨਜੀਤ ਸਿੰਘ ਘੜੈਲੀ)-ਪਿੰਡ ਬੱਲ੍ਹੋ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ’ਤਰਨਜੋਤ ਵੈਲਫੇਅਰ ਸੁਸਾਇਟੀ’ ਦੀ ਇਕ ਅਹਿਮ ਅਤੇ ਵਿਸ਼ੇਸ਼ ਇਕੱਤਰਤਾ ਸੁਸਾਇਟੀ ਦੇ ਸੀਨੀਅਰ ਆਗੂ ਤੇ ਮਾਰਗਦਰਸ਼ਕ ਗੁਰਮੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੂਥ ਲਾਇਬਰੇਰੀ ’ਚ ਹੋਈ। ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਸੰਵਿਧਾਨ ਦੀ ਪਾਲਣਾ ਕਰਦੇ ਹੋਏ, ਅਗਲੇ 2 ਸਾਲਾਂ ਦੇ ਕਾਰਜਕਾਲ ਲਈ ਨਵੇਂ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਦੌਰਾਨ ਅਵਤਾਰ ਸਿੰਘ ਟੌਫੀ ਨੰਬਰਦਾਰ ਨੂੰ ਸਰਬਸੰਮਤੀ ਨਾਲ ਸੁਸਾਇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਸਮੂਹ ਮੈਂਬਰਾਂ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਸੁਸਾਇਟੀ ਦੇ ਕੰਮਾਂ-ਕਾਰਾਂ ਨੂੰ ਸੁਚੱਜੀ ਅਤੇ ਯੋਗ ਅਗਵਾਈ ਦੇਣ ਲਈ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਮਾਨ ਨੂੰ ‘ਸਰਪ੍ਰਸਤ’ ਅਤੇ ਭੁਪਿੰਦਰ ਸਿੰਘ ਮਾਨ ਨੂੰ ‘ਡਾਇਰੈਕਟਰ’ ਨਿਯੁਕਤ ਕੀਤਾ ਗਿਆ। ਸੁਸਾਇਟੀ ਦੇ ਭਲਾਈ ਦੇ ਕਾਰਜਾਂ ਨੂੰ ਪਿੰਡ ਪੱਧਰ ’ਤੇ ਮਜ਼ਬੂਤੀ ਨਾਲ ਲਾਗੂ ਕਰਨ ਲਈ 21 ਮੈਂਬਰੀ ਕਾਰਜਕਾਰਨੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਹੋਰਨਾਂ ਅਹੁੱਦੇਦਾਰਾਂ ’ਚ ਪਰਮਜੀਤ ਗੱਗੂ ਮੀਤ ਪ੍ਰਧਾਨ, ਕਰਮਜੀਤ ਸਿੰਘ ਮੁੱਖ ਸਲਾਹਕਾਰ, ਭੁਪਿੰਦਰ ਸਿੰਘ ਜਟਾਣਾ ਬੁਲਾਰਾ, ਰਾਜਵਿੰਦਰ ਕੌਰ ਖ਼ਜ਼ਾਨਚੀ, ਪਰਮਜੀਤ ਸਿੰਘ ਸਲਾਹਕਾਰ ਚੁਣੇ ਗਏ ਅਤੇ ਬਾਕੀ ਦੇ ਅਹੁੱਦੇਦਾਰ ਮੈਂਬਰ ਵਜੋਂ ਕੰਮ ਕਰਨਗੇ । ਸੁਸਾਇਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਕਰਕੇ ਸਮੂਹ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਸਿਰੋਪਾਓ ਪਾ ਕੇ ਕੀਤਾ ਗਿਆ। ਨਵੇਂ ਚੁਣੇ ਗਏ ਪ੍ਰਧਾਨ ਅਵਤਾਰ ਸਿੰਘ ਨੰਬਰਦਾਰ ਨੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਖੀਰ ਚ ਸੁਸਾਇਟੀ ਦੀ ਨਵੀਂ ਟੀਮ ਨੂੰ ਪਿੰਡ ਵਾਸਤੇ ਤਨਦੇਹੀ ਨਾਲ ਸੇਵਾ ਕਰਨ ਦਾ ਪ੍ਰਣ ਦਿਵਾਇਆ ਗਿਆ।
ਤਰਨਜੋਤ ਵੈੱਲਫ਼ੇਅਰ ਸੁਸਾਇਟੀ ਬੱਲ੍ਹੋ ਦੀ ਨਵੀਂ ਚੋਣ ’ਚ ਅਵਤਾਰ ਸਿੰਘ ਟੌਫੀ ਨੰਬਰਦਾਰ ਬਣੇ ਪ੍ਰਧਾਨ
ਅਜੀਤ ਡੈਸਕ
07-07-2026